ਚੰਡੀਗੜ੍ਹ (ਰਮਨਜੀਤ) : ਪੰਜਾਬ ’ਚ ਚੋਣਾਂ ਦੀ ਆਹਟ ਦੇ ਨਾਲ ਹੀ ਇਕ ਨਵੇਂ ਰਾਜਨੀਤਿਕ ਦਲ ਦਾ ਗਠਨ ਕੀਤਾ ਗਿਆ ਹੈ। ਪੰਜਾਬ ਲੋਕਹਿਤ ਨਾਮਕ ਰਾਜਨੀਤਿਕ ਦਲ ਦੀ ਅਗਵਾਈ ਸੂਬੇ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੂੰ ਦਿੱਤੀ ਗਈ ਹੈ। ਬੀਰਮੀ ਨੇ ਕਿਹਾ ਕਿ ਓ. ਬੀ. ਸੀ. ਦੇ ਹਿੱਤਾਂ ਲਈ ਸਰਗਰਮ 35 ਸੰਗਠਨਾਂ ਦੇ ਸਾਂਝੇ ਯਤਨ ਨਾਲ ਇਸ ਪਾਰਟੀ ਦਾ ਗਠਨ ਹੋਇਆ ਹੈ ਅਤੇ ਇਹ ਸਿਆਸੀ ਫਰੰਟ ਅੱਗੇ ਵਧ ਕੇ ਓ. ਬੀ. ਸੀ. ਦੀ ਬਿਹਤਰੀ ਲਈ ਕੰਮ ਕਰੇਗਾ।
ਚੰਡੀਗੜ੍ਹ ਪ੍ਰੈੱਸ ਕਲੱਬ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ ਪੰਜਾਬ ਲੋਕ ਹਿੱਤ ਪਾਰਟੀ ਪੰਜਾਬ ਦੇ ਓ. ਬੀ. ਸੀ. ਦੀ ਆਵਾਜ਼ ਬਣੇਗੀ। ਸਿਆਸੀ ਤੌਰ ’ਤੇ ਪੱਛੜੇ ਹੋਣ, ਦੱਬੇ-ਕੁਚਲੇ, ਪ੍ਰਤਾੜਿਤ ਅਤੇ ਸ਼ੋਸ਼ਿਤ ਮਹਿਸੂਸ ਕਰਦਿਆਂ ਇਨਸਾਫ਼ ਲੈਣ ਦੀ ਕੋਸ਼ਿਸ਼ ਦੇ ਮਕਸਦ ਨਾਲ ਇਹ ਸਮਾਜ ਇਕ ਸਿਆਸੀ ਮੰਚ ’ਤੇ ਇਕੱਠਾ ਹੋਇਆ ਹੈ। ਰਾਜ ਦੀਆਂ ਕਰੀਬ 35 ਸੰਸਥਾਵਾਂ, ਜੋ ਕਿ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧ ਰੱਖਦੀਆਂ ਹਨ, ਨੇ ਆਪਸ ’ਚ ਮਿਲ ਬੈਠ ਕੇ ਇਕ ਨਵੀਂ ਸਿਆਸੀ ਪਾਰਟੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ।
ਬੀਰਮੀ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੇ ਮਹਿਸੂਸ ਕੀਤਾ ਹੈ ਕਿ ਓ. ਬੀ. ਸੀ. ਸਮਾਜ ਦੇ ਹਰ ਵਰਗ ਲਈ ਸਰਕਾਰੀ ਯੋਜਨਾਵਾਂ ਬਣਦੀਆਂ ਹਨ ਪਰ ਇਨ੍ਹਾਂ ਸਕੀਮਾਂ ਦਾ ਫ਼ਾਇਦਾ ਇਕ ਸੀਮਿਤ ਵਰਗ ਤੱਕ ਹੀ ਸਿਮਟ ਕੇ ਰਹਿ ਜਾਂਦਾ ਹੈ। ਸੰਸਥਾਵਾਂ ਦੇ ਅਹੁਦੇਦਾਰਾਂ ਨੇ ਪਾਰਟੀ ਦਾ ਏਜੰਡਾ ਵੀ ਤਿਆਰ ਕੀਤਾ ਹੈ, ਜਿਸ ਨੂੰ ਜਲਦੀ ਹੀ ਜਨਤਕ ਕਰ ਦਿੱਤਾ ਜਾਵੇਗਾ। ਬੀਰਮੀ ਨੇ ਕਿਹਾ ਕਿ ਓ. ਬੀ. ਸੀ. ਤੋਂ ਇਲਾਵਾ ਹੋਰ ਵਰਗਾਂ ਨੂੰ ਵੀ ਪਾਰਟੀ ’ਚ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਪ੍ਰੀ-ਪੋਲ ਜਾਂ ਪੋਸਟ-ਪੋਲ ਗੱਠਜੋੜ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ।
ਵੜਿੰਗ ਦੀ ਕਾਰਵਾਈ ਤੋਂ ਸੁਖਬੀਰ ਔਖੇ, ਕਿਹਾ ਦੋ ਮਹੀਨਿਆਂ ’ਚ ਕਰ ਲਵੇ ਚਾਅ ਪੂਰੇ
NEXT STORY