ਗੜ੍ਹਦੀਵਾਲਾ (ਜਤਿੰਦਰ)— ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਇਕ ਹੰਗਾਮੀ ਮੀਟਿੰਗ ਐਤਵਾਰ ਡੀ. ਏ. ਵੀ. ਸਕੂਲ ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਸਰਵਣ ਕੁਮਾਰ ਅਤੇ ਪੰਡਿਤ ਮੋਹਨ ਲਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮੁੱਖ ਤੌਰ 'ਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਵੱਲੋਂ ਸਰਕਾਰ ਦੀਆਂ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਚੁੱਪ ਤੋਂ ਤੰਗ ਆਏ ਪੈਨਸ਼ਨਰਾਂ ਦੇ ਹੱਕਾਂ ਦੀ ਪ੍ਰਾਪਤੀ ਅਤੇ ਰਾਖੀ ਲਈ 21 ਮਾਰਚ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੋਸ ਰੈਲੀ ਦੀ ਸਫਲਤਾ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਤਹਿਸੀਲ ਦਸੂਹਾ ਦੇ ਪ੍ਰਧਾਨ ਬਾਬੂ ਰਾਮ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੁਲਾਈ 2015 ਤੋਂ ਦਸੰਬਰ 2016 ਤੱਕ 22 ਮਹੀਨਿਆਂ ਦੇ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਨਹੀਂ ਦਿੱਤਾ ਅਤੇ ਜਨਵਰੀ 2017 ਤੋਂ ਹੁਣ ਤੱਕ ਕੇਂਦਰ ਵੱਲੋਂ ਦਿੱਤੀਆਂ 3 ਕਿਸ਼ਤਾਂ ਮਹਿੰਗਾਈ ਭੱਤਾ ਅਜੇ ਤੱਕ ਨੋਟੀਫਾਈ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਛੇਵਾਂ ਤਨਖਾਹ ਕਮਿਸ਼ਨ ਕਦੋਂ ਦਿੱਤਾ ਜਾਵੇਗਾ, ਬਾਰੇ ਵੀ ਪੰਜਾਬ ਸਰਕਾਰ ਗੈਰ-ਸੰਜੀਦਾ ਹੈ। ਸਰਕਾਰ ਦੀਆਂ ਇਨ੍ਹਾਂ ਵਧੀਕੀਆਂ ਕਾਰਨ ਪੈਨਸ਼ਨਰਜ਼ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਨਰਲ ਸਕੱਤਰ ਧਰਮਪਾਲ ਸਿੰਘ ਨੇ ਕਿਹਾ ਕਿ ਸਟੇਟ ਰੈਲੀ ਮੋਹਾਲੀ ਦੀ ਸਫਲਤਾ ਲਈ ਦਸੂਹਾ, ਗੜ੍ਹਦੀਵਾਲਾ, ਟਾਂਡਾ ਅਤੇ ਖੁੱਡਾ ਵਿਖੇ ਪੈਨਸ਼ਨਰਾਂ ਵਲੋਂ ਖੇਤਰੀ ਮੀਟਿੰਗ ਕੀਤੀਆਂ ਜਾ ਰਹੀਆਂ ਹਨ।
ਕੇਸਰ ਸਿੰਘ ਬੰਸੀਆ ਸਾਬਕਾ ਸੂਬਾ ਸੰਗਠਨ ਸਕੱਤਰ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਨੇ ਕਿਹਾ ਕਿ ਸੂਬਾ ਪ੍ਰਧਾਨ ਮਹਿੰਦਰ ਸਿੰਘ ਪਰਵਾਨਾ ਦੀ ਪ੍ਰਧਾਨਗੀ ਹੇਠ ਤਨਖਾਹ ਕਮਿਸ਼ਨ ਨੂੰ ਮੰਗ ਚਾਰਟਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਸਾਥੀਆਂ ਨੂੰ ਵੱਧ-ਚੜ੍ਹ ਕੇ ਰੋਸ ਰੈਲੀ ਵਿਚ ਭਾਗ ਲੈਣ ਲਈ ਕਿਹਾ। ਮੀਟਿੰਗ ਦੌਰਾਨ ਨਰਸਿੰਘ ਦੱਤ ਭਨੋਟ, ਮੋਹਨ ਲਾਲ ਅਤੇ ਤਰਸੇਮ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਅਨੇਕਾਂ ਪੈਨਸ਼ਨਰਜ਼ ਹਾਜ਼ਰ ਸਨ।
ਜਲੰਧਰ 'ਚ 70 ਦਿਨਾਂ 'ਚ 23 ਲੋਕਾਂ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
NEXT STORY