ਖੰਨਾ/ਦੋਰਾਹਾ (ਵਿਪਨ/ਵਿਨਾਇਕ): ਖੰਨਾ ਪੁਲਸ ਨੇ ਇਕ ਵਹਿਸੀ ਦਰਿੰਦੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇਕ 14 ਸਾਲਾ ਦਿਵਿਆਂਗ ਬੱਚੇ ਦੇ ਨਾਲ ਕੁਕਰਮ ਕੀਤਾ ਤੇ ਫ਼ਿਰ ਉਸ ਦਾ ਕਤਲ ਕਰ ਦਿੱਤਾ। ਇਸ ਅੰਨ੍ਹੇ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਦਕਿ ਪੁਲਸ ਲਈ ਵੀ ਇਹ ਇਕ ਵੱਡੀ ਚੁਣੌਤੀ ਬਣਿਆ ਹੋਇਆ ਸੀ। ਇਸ ਦੇ ਨਾਲ ਹੀ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਇਸ ਤੋਂ ਪਹਿਲਾਂ ਇਕ 69 ਸਾਲ ਦੀ ਬਜ਼ੁਰਗ ਮਹਿਲਾ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ।
ਐੱਸ.ਪੀ. (ਡੀ) ਪਵਨਜੀਤ ਚੌਧਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 6 ਮਈ 2026 ਨੂੰ ਦੋਰਾਹਾ ਨੇੜਲੇ ਇਲਾਕੇ ਵਿਚ ਇਕ 14 ਸਾਲਾ ਬੱਚੇ ਦੀ ਲਾਸ਼ ਬਰਾਮਦ ਹੋਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕਰਕੇ ਦੋਸ਼ੀ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਐੱਸ.ਪੀ. ਇਨਵੈਸਟੀਗੇਸ਼ਨ ਡਾ. ਹਰਮਿੰਦਰ ਸਿੰਘ, ਐੱਸ.ਪੀ. (ਆਈ) ਭਰਤ ਭੂਸ਼ਣ ਸਿੰਗਲਾ, ਡੀ.ਐੱਸ.ਪੀ. ਹਰਮਿੰਦਰ ਸਿੰਘ ਅਤੇ ਡੀ.ਐੱਸ.ਪੀ. ਪਾਇਲ ਦੀ ਨਿਗਰਾਨੀ ਹੇਠ ਜਾਂਚ ਟੀਮ ਨੇ ਦਿਨ-ਰਾਤ ਇਕ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਕੰਮ ਕੀਤਾ। ਸੈਂਕੜੇ ਸੀ.ਸੀ.ਟੀ.ਵੀ. ਫੁਟੇਜਾਂ, ਤਕਨੀਕੀ ਸਬੂਤਾਂ, ਫੋਰੈਂਸਿਕ ਜਾਂਚ ਅਤੇ ਮਨੁੱਖੀ ਸੂਚਨਾ ਦੇ ਆਧਾਰ ’ਤੇ ਪੁਲਸ ਆਖ਼ਰਕਾਰ ਦੋਸ਼ੀ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਈ।
ਪੁਲਸ ਜਾਂਚ ਦੌਰਾਨ ਇਹ ਸਨਸਨੀਖੇਜ਼ ਖੁਲਾਸਾ ਹੋਇਆ ਕਿ ਦੋਸ਼ੀ ਨੇ ਪਹਿਲਾਂ ਬੱਚੇ ਨਾਲ ਕੁਕਰਮ ਕੀਤਾ ਤੇ ਫਿਰ ਆਪਣੇ ਜੁਰਮ ਨੂੰ ਲੁਕਾਉਣ ਲਈ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਪਹਿਲਾਂ ਵੀ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਹਿ ਚੁੱਕਾ ਹੈ। ਉਸ ਖ਼ਿਲਾਫ਼ ਇਕ 69 ਸਾਲਾ ਬਜ਼ੁਰਗ ਮਹਿਲਾ ਨਾਲ ਜਬਰ-ਜ਼ਿਨਾਹ ਦੇ ਵੀ ਦੋਸ਼ ਲੱਗ ਚੁੱਕੇ ਹਨ, ਜਿਸ ਮਾਮਲੇ ਵਿਚ ਉਹ ਲੋੜੀਂਦਾ ਸੀ।
ਐੱਸ.ਪੀ. (ਡੀ) ਨੇ ਜਾਂਚ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿਚ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਖੰਨਾ ਪੁਲਸ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਪੁਲਸ ਵੱਲੋਂ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਮਾਮਲੇ ਨਾਲ ਜੁੜੇ ਹਰ ਪਹਿਲੂ ਨੂੰ ਡੂੰਘਾਈ ਨਾਲ ਖੰਗਾਲਿਆ ਜਾ ਸਕੇ।
ਪੰਜਾਬ : ਵਾਹਨ ਚਾਲਕਾਂ 'ਤੇ ਲੱਗ ਗਈ ਇਹ ਵੱਡੀ ਪਾਬੰਦੀ, ਅੱਜ ਤੋਂ ਲਾਗੂ ਹੋਇਆ ਇਹ ਨਿਯਮ
NEXT STORY