ਲੁਧਿਆਣਾ (ਰਾਜ): ਟਿੱਬਾ ਰੋਡ ਸਥਿਤ ਨਿਊ ਸ਼ਕਤੀ ਨਗਰ ਇਲਾਕੇ ਵਿਚ ਸੜਕ ਕੰਢੇ ਚਾਦਰ ਵਿਚ ਲਿਪਟੀ ਮਿਲੀ 24 ਸਾਲਾ ਮੁੰਡੇ ਦੀ ਲਾਸ਼ ਮਾਮਲੇ ਵਿਚ ਅੰਨ੍ਹੇ ਕਤਲ ਦੀ ਗੁੱਥੀ ਨੂੰ ਥਾਣਾ ਟਿੱਬਾ ਦੀ ਪੁਲਸ ਨੇ 4 ਦਿਨਾਂ ਵਿਚ ਸੁਲਝਾ ਲਿਆ ਹੈ। ਪੁਲਸ ਨੇ ਕਤਲ ਦੀ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਪੁਛਗਿੱਛ ਵਿਚ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਤੇ ਉਸ ਨੇ ਨਸ਼ੇ ਦੀ ਹਾਲਤ ਵਿਚ ਹੋਈ ਮਾਮੂਲੀ ਬਹਿਸ ਮਗਰੋਂ ਇੱਟਾਂ ਮਾਰ ਕੇ ਨੌਜਵਾਨ ਦਾ ਕਤਲ ਕੀਤਾ ਸੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਏ. ਸੀ. ਪੀ. (ਇੰਡਸਟਰੀਅਲ ਏਰੀਆ) ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਹਰਸ਼ ਕੁਮਾਰ (24), ਵਾਸੀ ਮਸਜਿਦ ਵਾਲੀ ਗਲੀ, ਟਿੱਬਾ ਰੋਡ ਵਜੋਂ ਹੋਈ ਹੈ। ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਤੇ ਉਹ ਘਰ ਵਿਚ ਇਕੱਲਾ ਰਹਿੰਦਾ ਹੈ। ਉਹ ਨਸ਼ੇ ਦਾ ਆਦੀ ਹੈ ਤੇ ਤਕਰੀਬਨ ਤਿੰਨ ਦਿਨ ਪਹਿਲਾਂ ਹੀ ਉਸ ਦੀ ਮੁਲਾਕਾਤ ਉਕਤ ਨੌਜਵਾਨ ਨਾਲ ਹੋਈ ਸੀ। 5 ਅਗਸਤ ਨੂੰ ਦੋਹਾਂ ਨੇ ਇਕੱਠਿਆਂ ਨਸ਼ਾ ਕੀਤਾ। ਨਸ਼ੇ ਦੀ ਲੋਰ ਵਿਚ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਸ ਮਗਰੋਂ ਗੁੱਸੇ ਵਿਚ ਆ ਕੇ ਹਰਸ਼ ਕੁਮਾਰ ਨੇ ਕੋਲ ਪਈ ਇੱਟ ਨਾਲ ਹਮਲਾ ਕਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਕਤਲ ਮਗਰੋਂ ਸਬੂਤ ਲੁਕਾਉਣ ਦੀ ਨੀਅਤ ਨਾਲ ਮੁਲਜ਼ਮ ਨੇ ਲਾਸ਼ ਨੂੰ ਇਕ ਚਾਦਰ ਵਿਚ ਲਪੇਟਿਆ ਤੇ ਉਸ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਬੁੱਢੇ ਨਾਲੇ ਵਿਚ ਸੁੱਟਣ ਲਈ ਨਿਕਲ ਪਿਆ। ਤਕਰੀਬਨ 1 ਕਿੱਲੋਮੀਟਰ ਦੂਰ ਜਦੋਂ ਉਹ ਨਿਊ ਸ਼ਕਤੀ ਨਗਰ ਗਲੀ ਤੋਂ ਗੁਜ਼ਰ ਰਿਹਾ ਸੀ ਤਾਂ ਅਚਾਨਕ ਲਾਸ਼ ਉਸ ਦੇ ਮੋਢੇ ਤੋਂ ਡਿੱਗ ਗਈ। ਨਸ਼ੇ ਦੀ ਲੋਰ ਅਤੇ ਥਕਾਵਟ ਕਾਰਨ ਮੁਲਜ਼ਮ ਲਾਸ਼ ਨੂੰ ਦੁਬਾਰਾ ਨਹੀਂ ਚੁੱਕ ਸਕਿਆ ਤੇ ਫੜੇ ਜਾਣ ਦੇ ਡਰ ਤੋਂ ਲਾਸ਼ ਉੱਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਅਗਲੇ ਦਿਨ ਸਥਾਨਕ ਲੋਕਾਂ ਨੇ ਸੜਕ ਕੰਢੇ ਪਈ ਚਾਦਰ ਵਿਚ ਲਿਪਟੀ ਲਾਸ਼ ਨੂੰ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਸੀ।
ਏ. ਸੀ. ਪੀ. ਬੋਪਾਰਾਏ ਨੇ ਦੱਸਿਆ ਕਿ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ 'ਤੇ ਪੁਲਸ ਨੂੰ ਮੁਲਜ਼ਮ ਨੂੰ ਮੁਲਜ਼ਮ ਦਾ ਸੁਰਾਗ ਮਿਲਿਆ, ਜਿਸ ਦੇ ਅਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਮ੍ਰਿਤਕ ਨੇ ਆਪਣਾ ਨਾਂ 'ਰਿਤਿਕ' ਦੱਸਿਆ ਸੀ, ਪਰ ਉਹ ਉਸ ਦੇ ਪਤੇ ਤੇ ਪਰਿਵਾਰ ਬਾਰੇ ਕੁਝ ਹੋਰ ਨਹੀਂ ਜਾਣਦਾ। ਪੁਲਸ ਮ੍ਰਿਤਕ ਰਿਤਿਕ ਦੇ ਪਰਿਵਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਘਰੋਂ ਨੀਟ ਦਾ ਰਿਜ਼ਲਟ ਦੇਖਣ ਗਿਆ ਮਾਪਿਆਂ ਦਾ ਇਕਲੌਤਾ ਪੁੱਤਰ ਨਹੀਂ ਪਰਤਿਆ ਘਰ, ਜੰਤਰ-ਮੰਤਰ...
NEXT STORY