ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ 'ਤੇ ਮਾਡਲ ਟਾਊਨ ਚੌਂਕੀ ਦਾ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਪੰਜਾਬ ਪੁਲਸ ਭੜਕ ਗਈ ਸੀ। ਅੱਜ ਪਾਵਰਕਾਮ ਦੇ ਮੁੱਖ ਦਫਤਰ ਸਮੇਤ ਸ਼ਹਿਰ 'ਚ ਪਾਵਰਕਾਮ ਦੇ ਸਾਰੇ ਦਫਤਰਾਂ ਦੇ ਬਾਹਰ ਸਪੈਸ਼ਲ ਨਾਕੇ ਲਗਾ ਕੇ ਬਿਜਲੀ ਮੁਲਾਜ਼ਮਾਂ ਦੇ ਚਲਾਨ ਕਰ ਦਿੱਤੇ ਗਏ, ਜਿਨ੍ਹਾਂ ਦੇ ਚਲਾਨ ਕੀਤੇ ਗਏ ਉਨ੍ਹਾਂ 'ਚ ਪਾਵਰਕਾਮ ਦੇ ਡਾਇਰੈਕਟਰ ਕਮਰਸ਼ੀਅਲ ਸ੍ਰੀ ਗੋਪਾਲ ਸ਼ਰਮਾ ਵੀ ਸ਼ਾਮਲ ਸਨ। ਅਸਲ 'ਚ ਪੁਲਿਸ ਚੌਂਕੀ ਦਾ ਕੁਨੈਕਸ਼ਨ ਕੱਟੇ ਜਾਣ ਦੀ ਖ਼ਬਰ ਸਿਰਫ਼ 'ਜਗਬਾਣੀ' ਅਖ਼ਬਾਰ 'ਚ ਪ੍ਰਮੁੱਖਤਾ ਨਾਲ ਲੱਗੀ ਸੀ। ਇਸ ਤੋਂ ਭੜਕੀ ਪੁਲਸ ਨੇ ਸਵੇਰੇ ਹੀ 9.00 ਵਜੇ ਪਾਵਰਕਾਮ ਦੇ ਦਫਤਰਾਂ ਦੇ ਬਾਹਰ ਨਾਕੇ ਲਗਾ ਦਿੱਤੇ। ਪਾਵਰਕਾਮ ਦੇ ਮਾਲ ਰੋਡ ਅਤੇ ਸ਼ੇਰਾਂਵਾਲਾ ਗੇਟ ਵਾਲੇ ਦੋਵੇਂ ਪਾਸੇ ਦਫ਼ਤਰ ਮੂਹਰੇ ਨਾਕੇ ਲਗਾ ਕੇ ਚਲਾਨ ਕੀਤੇ ਗਏ ਅਤੇ ਵਿਸ਼ੇਸ਼ ਤੌਰ 'ਤੇ ਪਾਵਰਕਾਮ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮੁਹਿੰਮ ਦੌਰਾਨ ਹੀ ਪਾਵਰਕਾਮ ਦੇ ਡਾਇਰੈਕਟਰ ਕਮਰਸ਼ੀਅਲ ਸ੍ਰੀ ਗੋਪਾਲ ਸ਼ਰਮਾ ਦਾ ਵੀ ਚਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪਟੜੀ 'ਤੇ ਪਰਤਣ ਲੱਗੀ ਘਰੇਲੂ ਹਵਾਬਾਜ਼ੀ ਇੰਡਸਟਰੀ, ਪਹਿਲੀ ਵਾਰ 1 ਦਿਨ 'ਚ ਹੋਈ ਹਜ਼ਾਰ ਉਡਾਨਾਂ ਦੀ ਆਪ੍ਰੇਟਿੰਗ
ਨਿੱਜੀ ਨਿਸ਼ਾਨਾ ਬਣਾ ਕੇ ਚਲਾਨ ਕੀਤੇ : ਪੀ. ਐੱਸ. ਈ. ਬੀ. ਇੰਜ. ਐਸੋ.
ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜ. ਅਜੈਪਾਲ ਸਿੰਘ ਅਟਵਾਲ ਨੇ ਕਿਹਾ ਕਿ ਪੁਲਸ ਵੱਲੋਂ ਪਾਵਰਕਾਮ ਦੇ ਦਫਤਰਾਂ, ਕਾਲੌਨੀਆਂ ਅਤੇ ਬਿਜਲੀ ਮੁਲਾਜ਼ਮਾਂ ਦੇ ਘਰਾਂ ਸਾਹਮਣੇ ਨਾਕੇ ਲੱਗਾ ਕੇ ਨਿੱਜੀ ਤੌਰ 'ਤੇ ਇੰਜੀਨੀਅਰਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਦਬਾਅ ਬਣਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਇੰਡਸਟਰੀਅਲ ਸ਼ਾਂਤੀ ਨੂੰ ਭੰਗ ਕਰਨ ਦੀ ਕਾਰਵਾਈ ਹੈ ਜਿਸਦੀ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇੰਜੀਨੀਅਰਜ਼ ਨੇ ਮੈਨੇਜਮੇਂਟ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਹੈ ਪਰ ਪੁਲਸ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਚਲਾਨ ਇਕੱਲੇ-ਇਕੱਲੇ ਵਿਅਕਤੀ ਦਾ ਕੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਸ ਮੁਲਾਜ਼ਮਾਂ ਦੇ ਘਰਾਂ ਦੀ ਚੈਕਿੰਗ ਨਹੀਂ ਕੀਤੀ ਸਗੋਂ ਪੁਲਸ ਦੇ ਅਦਾਰਿਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਪਾਵਰਕਾਮ ਮੈਨੇਜਮੈਂਟ ਦੀ ਵੀ ਨਿਖੇਧੀ ਕਰਦੇ ਹਾਂ ਕਿ ਕਿਉਂਕਿ ਜਿਹੜੇ ਇੰਜੀਨੀਅਰ ਉਨ੍ਹਾਂ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੇ ਹਨ, ਉਨ੍ਹਾਂ ਦੀ ਰਾਖੀ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅਸੀਂ ਮੰਗ ਕਰਦੇ ਹਾਂ ਕਿ ਮੈਨੇਜਮੈਂਟ ਸਰਕਾਰ ਕੋਲ ਇਹ ਮੁੱਦਾ ਚੁੱਕਿਆ ਜਾਵੇ।
ਕਿਸੇ ਨੂੰ ਨਿਸ਼ਾਨਾ ਬਣਾ ਕੇ ਚਲਾਨ ਨਹੀਂ ਕੀਤੇ : ਐੱਸ. ਐੱਸ. ਪੀ.
ਇਸ ਮਾਮਲੇ 'ਚ ਜਦੋਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਨਿਸ਼ਾਨਾ ਬਣਾ ਕੇ ਚਲਾਨ ਨਹੀਂ ਕੀਤੇ ਸਗੋਂ ਸਾਰੇ ਸ਼ਹਿਰ ਵਿਚ ਹੀ ਨਾਕਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਦੇ ਹੁਕਮ ਜਾਰੀ ਕੀਤ ਹਨ।
ਇਹ ਵੀ ਪੜ੍ਹੋ : ਪੰਜ ਸਿੰਘ ਸਾਹਿਬਾਨਾਂ ਦੇ ਫ਼ੈਸਲੇ ਤੋਂ ਬਾਅਦ ਖੁੱਲ੍ਹ ਕੇ ਬੋਲੇ ਢੱਡਰੀਆਂਵਾਲੇ, ਦਿੱਤਾ ਤਿੱਖਾ ਪ੍ਰਤੀਕਰਮ
ਪਾਵਰਕਾਮ ਨੇ ਪਹਿਲਾਂ ਵੀ ਬਿਜਲੀ ਬਿੱਲ ਭਰਨ ਦੀ ਦਿੱਤੀ ਸੀ ਮੋਹਲਤ
ਅਸਲ 'ਚ ਪਾਵਰਕਾਮ 4 ਅਗਸਤ ਨੂੰ ਥਾਣਾ ਸਿਵਲ ਲਾਈਨਜ਼, ਥਾਣਾ ਕੋਤਵਾਲੀ ਤੇ ਚੌਂਕੀ ਮਾਡਲ ਟਾਊਨ ਦੇ ਕੁਨੈਕਸ਼ਨ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਹੋਣ 'ਤੇ ਕੱਟੇ ਸਨ। ਉਸੇ ਦਿਨ ਹੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਟਾਊਨ ਨੇ ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਆਖਿਆ ਸੀ ਕਿ ਉਨ੍ਹਾਂ ਦੇ ਅਧੀਨ ਵੱਖ-ਵੱਖ ਪੁਲਸ ਥਾਣਿਆਂ, ਚੌਂਕੀਆਂ, ਪੁਲਸ ਕੰਟਰੋਲ ਰੂਮ ਅਤੇ ਹੋਰ ਦਫਤਰਾਂ ਦੇ ਬਿਜਲੀ ਬਿੱਲ ਬਕਾਇਆ ਹਨ, ਇਨ੍ਹਾਂ ਨੂੰ ਭਰਿਆ ਜਾਵੇਗਾ। 4 ਅਗਸਤ ਨੂੰ ਕੂਨੈਕਸ਼ਨ ਕੱਟਣ ਤੋਂ ਬਾਅਦ ਐੱਸ. ਐੱਸ. ਪੀ. ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਭਰੋਸਾ ਦੁਆਇਆ ਸੀ ਕਿ ਉਨ੍ਹਾਂ ਪੈਂਦੇ ਬਿਜਲੀ ਕੁਨੈਕਸ਼ਨਾਂ ਦੀ ਬਕਾਇਆ ਰਕਮ 10 ਅਗਸਤ ਤੱਕ ਜਮ੍ਹਾ ਕਰਵਾ ਦਿੱਤੀ ਜਾਵੇਗੀ ਪਰ ਇਹ ਜਮ੍ਹਾ ਨਾ ਹੋਈ ਤਾਂ ਪਾਵਰਕਾਮ ਨੇ ਕੱਲ•ਕਾਰਵਾਈ ਕਰਦਿਆ ਮਾਡਲ ਟਾਊਨ ਚੌਂਕੀ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸਦੇ ਜਵਾਬ 'ਚ ਅੱਜ ਚਲਾਨਾਂ ਦੀ ਕਾਰਵਾਈ ਹੋਈ ਹੈ।
ਪੰਜ ਸਿੰਘ ਸਾਹਿਬਾਨਾਂ ਦੇ ਫ਼ੈਸਲੇ ਤੋਂ ਬਾਅਦ ਖੁੱਲ੍ਹ ਕੇ ਬੋਲੇ ਢੱਡਰੀਆਂਵਾਲੇ, ਦਿੱਤਾ ਤਿੱਖਾ ਪ੍ਰਤੀਕਰਮ
NEXT STORY