ਬਟਾਲਾ (ਸਾਹਿਲ, ਯੋਗੀ,ਹਰਮਨ)- ਸਿਵਲ ਹਸਪਤਾਲ ਬਟਾਲਾ ਵਿਚ ਜ਼ੇਰੇ ਇਲਾਜ ਬੀ.ਕੇ.ਆਈ ਦਾ ਗੁਰਗਾ ਪੁਲਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। 21 ਨਵੰਬਰ ਨੂੰ ਕਾਂਗਰਸੀ ਆਗੂ ਗੌਤਮ ਸੇਠ ਉਰਫ ਗੁੱਡੂ ਦੇ ਮੋਬਾਈਲ ਸ਼ੋਅ ਰੂਮ ’ਤੇ ਫਿਰੌਤੀ ਦੀ ਖਾਤਿਰ ਫਾਇਰਿੰਗ ਕਰਕੇ ਫਰਾਰ ਹੋਣ ਵਾਲੇ ਦੋ ਅਣਪਛਾਤੇ ਵਿਅਕਤੀਆਂ ਵਿਚੋਂ ਇਕ ਨੂੰ ਬਟਾਲਾ ਪੁਲਸ ਵੱਲੋਂ ਸ਼ਨਾਖਤ ਕਰਨ ਤੋਂ ਬਾਅਦ ਉਸ ਦਾ ਨਾਂ-ਪਤਾ ਕੰਵਲਜੀਤ ਸਿੰਘ ਉਰਫ ਲਵਜੀਤ ਪੁੱਤਰ ਜੱਸਾ ਸਿੰਘ ਵਾਸੀ ਵੈਰੋਵਾਲ ਵਜੋਂ ਸਾਹਮਣੇ ਆਇਆ ਸੀ, ਜਿਸ ’ਤੇ ਪੁਲਸ ਨੇ ਇਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਸ਼ਾਹਪੁਰ ਜਾਜਨ ਦੀ ਸੱਕੀ ਡਰੇਨ ’ਤੇ ਹੋਏ ਪੁਲਸ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਸੀ।
ਇੱਥੇ ਇਹ ਵੀ ਦੱਸਦੇ ਚੱਲੀਏ ਕਿ ਉਕਤ ਗੁਰਗਾ, ਗੈਂਗਸਟਰ ਨਿਸ਼ਾਨ ਜੋੜੀਆਂ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧਤ ਹੈ ਤੇ ਉਸ ਦੇ ਸੰਪਰਕ ਵਿਚ ਸੀ ਅਤੇ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ, ਜਿਸ ’ਤੇ ਇਸ ਵਿਰੁੱਧ ਥਾਣਾ ਡੇਰਾ ਬਾਬਾ ਨਾਨਕ ਵਿਖੇ ਪੁਲਸ ਵਲੋਂ ਕੇਸ ਵੀ ਦਰਜ ਕੀਤਾ ਗਿਆ ਹੈ। ਇਸ ਸਭ ਦੇ ਕਾਰਨ ਇਸ ਨੂੰ ਪੁਲਸ ਨੇ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬਟਾਲਾ ਵਿਚ ਦੋ ਪੁਲਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਇਲਾਜ ਲਈ ਦਾਖਲ ਕਰਵਾਇਆ ਸੀ ਅਤੇ ਇਹ ਉਸੇ ਦਿਨ ਤੋਂ ਹਸਪਤਾਲ ਇਲਾਜ ਅਧੀਨ ਸੀ ਕਿ ਬਾਅਦ ਦੁਪਹਿਰ ਅਚਾਨਕ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਉਕਤ ਗੁਰਗਾ ਕੰਵਲਜੀਤ ਸਿੰਘ ਹਸਪਤਾਲ ਦੇ ਬੈੱਡ ਨਾਲ ਬੱਝੀ ਹੱਥਕੜੀ ਵਿਚੋਂ ਹੱਥ ਖਿਸਕਾ ਮੌਕੇ ਤੋਂ ਫਰਾਰ ਹੋ ਗਿਆ।
ਓੱਧਰ, ਗੁਰਗੇ ਦੇ ਫਰਾਰ ਹੋਣ ਦੀ ਖਬਰ ਸੁਣ ਕੇ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਭਾਰੀ ਤਾਦਾਦ ਵਿਚ ਪੁਲਸ ਇਸ ਬਾਰੇ ਸੂਚਨਾ ਮਿਲਣ ’ਤੇ ਸਿਵਲ ਹਸਪਤਾਲ ਵਿਖੇ ਪਹੁੰਚੀ, ਜਿਸ ਵਿਚ ਡੀ.ਐੱਸ.ਪੀ ਤੇਜਿੰਦਰਪਾਲ ਸਿੰਘ ਗੋਰਾਇਆ, ਡੀ. ਐੱਸ.ਪੀ. ਜਸਮੀਤ ਕੁਮਾਰ, ਐੱਸ.ਐੱਚ.ਓ ਸਿਟੀ ਸੁਖਵਿੰਦਰ ਸਿੰਘ, ਐੱਸ.ਐੱਚ.ਓ ਸਿਵਲ ਲਾਈਨ ਹਰਜਿੰਦਰ ਸਿੰਘ, ਚੌਕੀ ਇੰਚਾਰਜ ਬੱਸ ਸਟੈਂਡ ਐੱਸ.ਆਈ ਜਗਤਾਰ ਸਿੰਘ ਆਦਿ ਸ਼ਾਮਲ ਹਨ ਅਤੇ ਪੁਲਸ ਵਲੋਂ ਸ਼ਹਿਰ ਦੀ ਚੁਫੇਰਿਓਂ ਨਾਕਾਬੰਦੀ ਕਰਦਿਆਂ ਜੰਗੀ ਪੱਧਰ ’ਤੇ ਗੁਰਗੇ ਦੀ ਭਾਲ ਕਰਨੀ ਆਰੰਭ ਕਰ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਐੱਸ. ਐੱਚ.ਓ ਸਿਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਰਾਰ ਹੋਏ ਮੁਲਜ਼ਮ ਦੀ ਭਾਲ ਜਾਰੀ ਹੈ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਧੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, 2026 ਤਕ ਕੌਮੀ ਔਸਤ ਤੋਂ ਬਿਹਤਰ ਲਿੰਗ ਅਨੁਪਾਤ ਦਾ ਟੀਚਾ
NEXT STORY