ਸੰਗਰੂਰ (ਜ. ਬ.): ਸੰਗਰੂਰ ਦੇ ਦਿੜਬਾ ਇਲਾਕੇ ਵਿਚ ਸੂਲਰ ਘਰਾਟ ਨਜ਼ਦੀਕ ਨਹਿਰ ਕਿਨਾਰੇ ਬਣੀ ਸੜਕ 'ਤੇ ਅੱਜ ਤੜਕਸਾਰ ਇਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਇਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਕਾਰ ਸਵਾਰ ਮਾਂ ਅਤੇ ਧੀ ਦੀ ਬੁਰੇ ਤਰੀਕੇ ਨਾਲ ਸੜ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ, ਜੋ ਕਿ ਪੰਜਾਬ ਪੁਲਸ ਵਿਚ ਮੁਲਾਜ਼ਮ ਸੀ ਅਤੇ ਪਿੰਡ ਮੌੜਾਂ ਦੀ ਰਹਿਣ ਵਾਲੀ ਸੀ।
ਮਿਲੀ ਜਾਣਕਾਰੀ ਮੁਤਾਬਕ, ਸਰਬਜੀਤ ਕੌਰ ਆਪਣੀ ਮਾਤਾ ਨਾਲ ਅੱਜ ਸਵਖਤੇ ਆਪਣੀ ਰਿਸ਼ਤੇਦਾਰੀ ਵਿਚ ਪਿੰਡ "ਭਾਈ ਕੀ ਪਿਸ਼ੌਰ" ਜਾ ਰਹੀ ਸੀ, ਜਦੋਂ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਹਾਦਸੇ ਦੇ ਸਹੀ ਸਮੇਂ ਬਾਰੇ ਅਜੇ ਪੁਖ਼ਤਾ ਜਾਣਕਾਰੀ ਨਹੀਂ ਹੈ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਘਟਨਾ ਸਵੇਰੇ ਤਿੰਨ ਤੋਂ ਚਾਰ ਵਜੇ ਦੇ ਦਰਮਿਆਨ ਵਾਪਰੀ ਹੈ। ਇਸ ਘਟਨਾ ਬਾਰੇ ਸਵੇਰੇ 7 ਵਜੇ ਦੇ ਕਰੀਬ ਪਤਾ ਲੱਗਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਹਾਦਸਾ ਇੰਨਾ ਭਿਆਨਕ ਸੀ ਕਿ ਸਵਿਫਟ ਗੱਡੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਗੱਡੀ ਦਾ ਨੰਬਰ ਪਛਾਣਨਾ ਵੀ ਮੁਸ਼ਕਿਲ ਸੀ। ਪੁਲਸ ਨੇ ਗੱਡੀ ਦੇ ਚੈਸੀ ਨੰਬਰ ਤੋਂ ਵੇਰਵੇ ਹਾਸਲ ਕਰਕੇ ਮ੍ਰਿਤਕਾਂ ਦੀ ਸ਼ਨਾਖਤ ਕੀਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਲਈ ਫੋਰੈਂਸਿਕ ਟੀਮਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਆਸ-ਪਾਸ ਦੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਰਬਜੀਤ ਕੌਰ ਦਾ ਭਰਾ ਵੀ ਪੰਜਾਬ ਪੁਲਸ ਵਿਚ ਸੇਵਾ ਨਿਭਾ ਰਿਹਾ ਹੈ। ਇਸ ਦਰਦਨਾਕ ਘਟਨਾ ਕਾਰਨ ਪੂਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਹੈ।
ਗੁਰਦਾਸਪੁਰ: ਸਕੂਲਾਂ ਦਾ ਸਮਾਂ ਬਦਲਣ ਦੇ ਬਾਵਜੂਦ ਬੱਚਿਆਂ ਦੀ ਹਾਜ਼ਰੀ 10 ਫੀਸਦੀ ਤੋਂ ਵੀ ਘੱਟ
NEXT STORY