ਲੁਧਿਆਣਾ (ਗੁਪਤਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੀ ਵਕਾਲਤ ਕੀਤੇ ਜਾਣ ਮਗਰੋਂ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ-ਭਾਜਪਾ ਗੱਠਜੋੜ ਸਬੰਧੀ ਦਿੱਤੇ ਬਿਆਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਕਿ ਕੈਪਟਨ ਇਕ ਸੀਨੀਅਰ ਨੇਤਾ ਹਨ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਸਮਝ ਦੇ ਆਧਾਰ ’ਤੇ ਆਪਣਾ ਬਿਆਨ ਦਿੱਤਾ ਹੋਵੇ ਪਰ ਹਾਈਕਮਾਨ ਜੋ ਵੀ ਫ਼ੈਸਲਾ ਕਰੇ, ਹਰ ਕੋਈ ਉਸ ਦਾ ਸਮਰਥਨ ਕਰੇਗਾ। ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਕੋਈ ਗੱਲ ਨਹੀਂ ਹੋਈ ਹੈ। ਭਾਜਪਾ ਇਸ ਸਮੇਂ 117 ਸੀਟਾਂ ’ਤੇ ਇਕੱਲੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਲੋਕ ‘ਆਪ’ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ 2027 ਦੀ ਉਡੀਕ ਕਰ ਰਹੇ ਹਨ।
ਦਿੱਲੀ ’ਚ ਲਾਲ ਕਿਲੇ ਨੇੜੇ ਹੋਏ ਧਮਾਕੇ ਬਾਰੇ ਚੁੱਘ ਨੇ ਕਿਹਾ ਕਿ ਜਾਂਚ ਏਜੰਸੀਆਂ ਪੂਰੀ ਜਾਂਚ ਕਰ ਰਹੀਆਂ ਹਨ। ਇਸ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਸਰਗਰਮ ਮੋਡ ’ਤੇ ਹੈ। ਸਾਰੇ ਇਕਜੁੱਟ ਹੋ ਕੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਹਨ। ਭਾਜਪਾ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ’ਚ ਵੀ ਵਧੀਆ ਪ੍ਰਦਰਸ਼ਨ ਕਰੇਗੀ। ਇਸ ਤੋਂ ਬਾਅਦ ਤਰੁਣ ਚੁੱਘ ਨੇ ਲੁਧਿਆਣਾ ਦੇ ਉਦਯੋਗਪਤੀਆਂ ਮਹਿੰਦਰ ਗੋਇਲ, ਸ਼੍ਰਮਣਾ ਜੈਨ ਸਵੀਟਸ ਦੇ ਵਿਪਨ ਜੈਨ, ਮਾਣਿਕ ਜੈਨ, ਹੋਟਲ ਮਹਾਰਾਜਾ ਰਿਜੈਂਸੀ ਦੇ ਦੀਪਕ ਜੈਨ ਅਤੇ ਜਗਨਨਾਥ ਫੂਡ ਫਾਰ ਲਾਈਫ ਟਰੱਸਟ ਦੇ ਸਤੀਸ਼ ਗੁਪਤਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਭਾਜਪਾ ਕਾਰਜਕਾਰੀ ਮੈਂਬਰ ਹਰੀਸ਼ ਟੰਡਨ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪਹੁੰਚਣ ’ਤੇ ਤਰੁਣ ਚੁੱਘ ਦਾ ਸਵਾਗਤ ਭਾਜਪਾ ਆਗੂਆਂ ਸੁਨੀਲ ਮੌਦਗਿਲ, ਸੁਮਿਤ ਟੰਡਨ, ਐਡਵੋਕੇਟ ਹਰਸ਼ ਸ਼ਰਮਾ, ਮਹੇਸ਼ ਸ਼ਰਮਾ, ਗੁਰਦੀਪ ਸਿੰਘ ਗੋਸ਼ਾ, ਸੁਭਾਸ਼ ਡਾਬਰ, ਪ੍ਰਵੀਨ ਬਾਂਸਲ ਅਤੇ ਲੱਕੀ ਚੋਪੜਾ ਨੇ ਕੀਤਾ।
ਗੁਰੂ ਨਗਰੀ ’ਚ 19ਵਾਂ ਪਾਈਟੈਕਸ ਅੱਜ ਤੋਂ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਕਰਨਗੇ ਉਦਘਾਟਨ
NEXT STORY