ਪਟਿਆਲਾ (ਪਰਮੀਤ)- ਪੰਜਾਬ ਵਿਚ ਨਿਰੰਤਰ ਪੈ ਰਹੀ ਗਰਮੀ ਤੇ ਸ਼ੁਰੂ ਹੋਏ ਝੋਨੇ ਦੇ ਸੀਜ਼ਨ ਦੇ ਚਲਦਿਆਂ ਬਿਜਲੀ ਦੀ ਮੰਗ 14200 ਮੈਗਾਵਾਟ ਦਾ ਅੰਕੜਾ ਪਾਰ ਕਰ ਗਈ। ਬੀਤੇ ਕੱਲ੍ਹ ਦੁਪਹਿਰ ਕਰੀਬ 3 ਵਜੇ ਬਿਜਲੀ ਦੀ ਮੰਗ ਨੇ ਇਹ ਅੰਕੜਾ ਛੂਹਿਆ। ਬਿਜਲੀ ਦੀ ਮੰਗ ’ਚ ਇਹ ਵਾਧਾ ਉਦੋਂ ਦਰਜ ਕੀਤਾ ਗਿਆ ਹੈ, ਜਦੋਂ ਪੰਜਾਬ ਵਿਚ ਝੋਨੇ ਦੀ ਲੁਆਈ ਦੇ 3 ਗੇੜ ਸ਼ੁਰੂ ਹੋ ਚੁੱਕੇ ਹਨ ਅਤੇ ਚੌਥਾ ਅਤੇ ਆਖ਼ਰੀ ਗੇੜ 9 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਤਹਿਤ ਲੁਧਿਆਣਾ, ਮਾਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਯਾਨੀ 2025 ਵਿਚ 11 ਜੂਨ ਨੂੰ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਸਨ ਅਤੇ ਉਸ ਦਿਨ ਮੰਗ 16838 ਮੈਗਾਵਾਟ ਦਰਜ ਕੀਤੀ ਗਈ ਸੀ। ਇਸ ਵਾਰ ਬਿਜਲੀ ਮਾਹਿਰਾਂ ਦਾ ਅਨੁਮਾਨ ਹੈ ਕਿ ਮੰਗ 18000 ਦਾ ਅੰਕੜਾ ਪਾਰ ਕਰ ਲਵੇਗੀ। ਇਹ ਮੰਗ ਪੂਰੀ ਕਰਨਾ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵਾਸਤੇ ਇਕ ਵੱਡੀ ਚੁਣੌਤੀ ਹੈ।
ਪੰਜਾਬ ’ਚ ਇਸ ਵੇਲੇ ਪਾਵਰਕਾਮ ਆਪਣੇ ਸਰੋਤਾਂ ਤੋਂ 5200 ਮੈਗਾਵਾਟ ਬਿਜਲੀ ਲੈ ਰਿਹਾ ਹੈ ਅਤੇ ਦਿਨ ਵੇਲੇ ਸਸਤੀ ਸੌਰ ਊਰਜਾ ਖਰੀਦ ਰਿਹਾ ਹੈ। ਰਾਜ ਦੇ ਥਰਮਲ ਪਲਾਂਟ ਇਸ ਵੇਲੇ ਅੱਧ ਸਮਰਥਾ ’ਤੇ ਚਲ ਰਹੇ ਹਨ ਤੇ 1590 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਪ੍ਰਾਈਵੇਟ ਖੇਤਰ ਦੇ ਪਲਾਂਟ 2540 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ, ਜਦੋਂ ਕਿ ਸੌਰ ਊਰਜਾ ਯੂਨਿਟਾਂ ਤੋਂ 360 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।
ਬਿਜਲੀ ਕੱਟਾਂ ਨੇ ਲੋਕ ਸਤਾਏ
ਇਸ ਦੌਰਾਨ ਬਿਜਲੀ ਦੀ ਮੰਗ ਵਿਚ ਹੋਏ ਅਚਨਚੇਤ ਵਾਧੇ ਦੇ ਮੱਦੇਨਜ਼ਰ ਬਿਜਲੀ ਨਿਗਮ ਨੂੰ ਬਿਜਲੀ ਕੱਟ ਲਾਉਣੇ ਪੈ ਰਹੇ ਹਨ, ਜਿਸ ਦੇ ਚਲਦਿਆਂ ਲੋਕਾਂ ਨੂੰ ਬਹੁਤ ਔਖਾ ਸਮਾਂ ਹੰਢਾਉਣਾ ਪੈ ਰਿਹਾ ਹੈ। ਆਉਂਦੇ ਦਿਨ ਪਾਵਰਕਾਮ ਵਾਸਤੇ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਮੌਸਮ ਵਿਭਾਗ ਨੇ ਗਰਮੀ ਵਿਚ ਵਾਧੇ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ 2-3 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਜ਼ਮੀਨ ਦਾ ਬਿਆਨਾਂ ਕਰਵਾਉਣ ਦੇ ਨਾਂ ’ਤੇ 11 ਲੱਖ 50 ਹਜ਼ਾਰ ਠੱਗੇ
NEXT STORY