ਚੰਡੀਗੜ੍ਹ (ਰਾਜਿੰਦਰ) - ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਕਿਣਮਿਣ ਪੈਂਦੇ ਮੀਂਹ ਦੇ ਬਾਵਜੂਦ ਬੁੱਧਵਾਰ ਨੂੰ ਪੰਜਾਬ ਰਾਜ ਭਵਨ ਤੋਂ ਸੈਕਟਰ-9 ਸਥਿਤ ਸਕੱਤਰੇਤ ਸਾਈਕਲ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਐਡਵਾਈਜ਼ਰ ਮਨੋਜ ਪਰਿਦਾ ਸਮੇਤ ਪ੍ਰਸ਼ਾਸਨ ਦੇ ਸਾਰੇ ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ. ਅਤੇ ਐੱਚ.ਸੀ.ਐੱਸ. ਅਧਿਕਾਰੀ ਵੀ ਸਾਈਕਲ 'ਤੇ ਦਫ਼ਤਰ ਪਹੁੰਚੇ। ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਸਵੇਰੇ 11 ਵਜੇ ਪੰਜਾਬ ਰਾਜ ਭਵਨ ਤੋਂ ਸਾਈਕਲ 'ਤੇ ਨਿਕਲੇ। ਪ੍ਰਸ਼ਾਸਕ ਨੂੰ ਸੜਕ 'ਤੇ ਵੇਖ ਕੇ ਲੋਕ ਹੈਰਾਨ ਵਿਖਾਈ ਦਿੱਤੇ। ਅਧਿਕਾਰੀਆਂ ਨੇ ਯੂ.ਟੀ. ਸਕੱਤਰੇਤ ਤੱਕ ਦਾ ਸਫਰ ਸਾਈਕਲ 'ਤੇ ਤੈਅ ਕੀਤਾ।
ਯੂ. ਟੀ. ਸਕੱਤਰੇਤ ਪਹੁੰਚਣ ਮਗਰੋਂ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਜਦੋਂ ਤੱਕ ਅਧਿਕਾਰੀ ਸਾਈਕਲ ਨਹੀਂ ਚਲਾਓਗੇ, ਤਦ ਤੱਕ ਉਨ੍ਹਾਂ ਨੂੰ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਪਤਾ ਨਹੀਂ ਲੱਗੇਗਾ। ਸਮੱਸਿਆਵਾਂ ਪਤਾ ਲੱਗਣ 'ਤੇ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇਗਾ। ਬਦਨੌਰ ਨੇ ਕਿਹਾ ਕਿ ਉਹ ਅੱਗੇ ਵੀ ਕੁਝ ਦਿਨ ਸਾਈਕਲ 'ਤੇ ਦਫਤਰ ਪਹੁੰਚਣਗੇ, ਕਿਸੇ ਸ਼ਹਿਰ ਅੰਦਰ ਚੰਡੀਗੜ੍ਹ ਵਰਗੇ ਸਾਈਕਲ ਟ੍ਰੈਕ ਨਹੀਂ ਹਨ। ਸਾਈਕਲ ਚਲਾਉਣ ਨਾਲ ਸਿਹਤ ਤਾਂ ਬਣੀ ਰਹੇਗੀ, ਨਾਲ ਹੀ ਟ੍ਰੈਫਿਕ, ਪ੍ਰਦੂਸ਼ਣ ਆਦਿ ਤੋਂ ਸ਼ਹਿਰ ਨੂੰ ਮੁਕਤੀ ਮਿਲੇਗੀ। ਚੰਡੀਗੜ੍ਹ 'ਚ ਟ੍ਰੈਫਿਕ ਦੀ ਸਮੱਸਿਆ ਵਧ ਰਹੀ ਹੈ ਜੇਕਰ ਸ਼ਹਿਰਵਾਸੀ ਸਾਈਕਲ ਵੱਲ ਵਧਣਗੇ ਤਾਂ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ, ਇਸ ਲਈ ਹੀ ਪ੍ਰਸ਼ਾਸਨ ਨੇ ਸੋਚਿਆ ਕਿ ਸਾਰੇ ਅਧਿਕਾਰੀ ਸਾਈਕਲ 'ਤੇ ਦਫਤਰ ਪਹੁੰਚਣਗੇ।
ਸਾਈਕਲ ਸਿਟੀ ਦੇ ਤੌਰ 'ਤੇ ਕੀਤਾ ਜਾਵੇ ਡਿਵੈੱਲਪ
ਪ੍ਰਸ਼ਾਸਕ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਨੂੰ ਸਾਈਕਲ ਸਿਟੀ ਦੇ ਤੌਰ 'ਤੇ ਡਿਵੈੱਲਪ ਕੀਤੇ ਜਾਣ ਲਈ ਕੰਮ ਕੀਤਾ ਜਾਵੇ। ਉਨ੍ਹਾਂ ਨੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਸਾਈਕਲ ਟ੍ਰੈਕ ਨੂੰ ਛੇਤੀ ਤੋਂ ਛੇਤੀ ਦਰੁਸਤ ਕਰਨ ਨੂੰ ਵੀ ਕਿਹਾ ਹੈ। ਉਧਰ ਅਗਲੇ ਕੁਝ ਮਹੀਨਿਆਂ 'ਚ ਸਾਈਕਲ ਸ਼ੇਅਰਿੰਗ ਪ੍ਰਾਜੈਕਟ ਨੂੰ ਵੀ ਲਾਗੂ ਕਰਨ ਦੀ ਤਿਆਰੀ ਹੈ। ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ, ਇਸ ਲਈ ਉਨ੍ਹਾਂ ਨੇ ਸੋਚਿਆ ਕਿ ਅਜੋਕੇ ਪ੍ਰੋਗਰਾਮ ਨੂੰ ਰੱਦ ਕਰ ਦਿੰਦੇ ਹਨ ਅਤੇ ਕਿਸੇ ਹੋਰ ਦਿਨ ਸਾਰੇ ਸਾਈਕਲ 'ਤੇ ਜਾਣਗੇ ਪਰ ਫਿਰ ਸਾਰਿਆਂ ਨੇ ਫੈਸਲਾ ਲਿਆ ਕਿ ਮੀਂਹ ਦਾ ਵੀ ਆਨੰਦ ਲਿਆ ਜਾਵੇਗਾ ਅਤੇ ਅੱਜ ਹੀ ਸਾਈਕਲ 'ਤੇ ਸਾਰੇ ਜਾਣਗੇ। ਸਾਈਕਲ ਚਲਾਉਣ ਵਾਲੇ ਅਧਿਕਾਰੀਆਂ 'ਚ ਮੁੱਖ ਰੂਪ 'ਚ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ, ਐਡਵਾਈਜ਼ਰ ਮਨੋਜ ਪਰਿਦਾ, ਡੀ.ਪੀ.ਜੀ. ਸੰਜੈ ਬੈਨੀਵਾਲ, ਡੀ.ਸੀ. ਮਨਦੀਪ ਬਰਾੜ, ਵਿੱਤ ਸਕੱਤਰ ਅਜੋਏ ਕੁਮਾਰ ਸਿਨਹਾ, ਚੀਫ ਇੰਜੀਨੀਅਰ ਮੁਕੇਸ਼ ਆਨੰਦ, ਐੱਸ.ਐੱਸ.ਪੀ. ਨਿਲਾਂਬਰੀ ਜਗਦਲੇ, ਹਾਊਸਿੰਗ ਬੋਰਡ ਦੇ ਸੀ.ਈ.ਓ. ਯਸ਼ਪਾਲ ਗਰਗ ਆਦਿ ਸ਼ਾਮਲ ਰਹੇ।
ਟ੍ਰੈਫਿਕ ਡਾਇਵਰਟ ਕਾਰਨ ਲੱਗਾ ਜਾਮ
ਹਾਲਾਂਕਿ ਜਦੋਂ ਪ੍ਰਸ਼ਾਸਕ ਅਤੇ ਹੋਰ ਅਫਸਰ ਸਾਈਕਲ ਚਲਾ ਕੇ ਯੂ.ਟੀ. ਸਕੱਤਰੇਤ ਗਏ, ਤਦ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ, ਜਿਸ ਕਾਰਨ ਕਈ ਜਗ੍ਹਾ 'ਤੇ ਜਾਮ ਲਗ ਗਿਆ ਅਤੇ ਲੋਕ ਜਾਮ 'ਚ ਫਸੇ ਨਜ਼ਰ ਆਏ। ਬਦਨੌਰ ਨੇ ਸਾਰੇ ਅਧਿਕਾਰੀਆਂ ਤੋਂ ਆਪਣੇ ਵਿਭਾਗ ਦੇ ਕਰਮਚਾਰੀਆਂ ਨੂੰ ਸਾਈਕਲ ਪ੍ਰਤੀ ਜਾਗਰੂਕ ਕਰਨ ਲਈ ਕਿਹਾ ਹੈ। ਨਾਲ ਹੀ ਆਉਣ ਵਾਲੇ ਦਿਨਾਂ 'ਚ ਪੂਰੇ ਸ਼ਹਿਰ 'ਚ ਸਾਈਕਲ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਜਿਸ 'ਚ ਸ਼ਹਿਰ ਦੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਪੰਜਾਬ ਮੰਡੀ ਬੋਰਡ ਨੇ ਕਿਸਾਨਾਂ ਲਈ ਜਾਰੀ ਕੀਤੀ 'ਈ-ਪੀ. ਐੱਮ. ਬੀ. ਮੋਬਾਇਲ ਐਪ'
NEXT STORY