ਮੋਗਾ (ਗੋਪੀ ਰਾਊਕੇ) : ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਪੱਟੀ ਡਿਪੂ ਦੇ ਮੁਲਾਜ਼ਮਾਂ ਦੀਆਂ ਟਰਾਂਸਪੋਰਟ ਮੰਤਰੀ ਵੱਲੋਂ ਕੀਤੀਆਂ ਨਾਜਾਇਜ਼ ਤੌਰ ’ਤੇ ਦੂਰ-ਦੁਰਾਡੇ ਕੀਤੀਆਂ ਬਦਲੀਆਂ ਦੀ ਘੋਰ ਨਿੰਦਾ ਕੀਤੀ ਗਈ। ਇਸ ਮਸਲੇ ’ਤੇ ਬਲਜਿੰਦਰ ਸਿੰਘ ਬਰਾੜ ਨੇ ਮੋਗਾ ਡਿਪੂ ਦੇ ਗੇਟ ’ਤੇ ਬੋਲਦੇ ਹੋਏ ਦੱਸਿਆ ਕਿ ਲੋਕਤੰਤਰੀ ਦੇਸ਼ ਵਿਚ ਲੋਕਤੰਤਰ ਦੇ ਨਾਂ ’ਤੇ ਚੁਣੀਆਂ ਹੋਈਆਂ ਸਰਕਾਰਾਂ ਅੱਜ ਦੇ ਸਮੇਂ ਵੀ ਲੋਕਾਂ ਦੀ ਆਵਾਜ਼ ਨੂੰ ਜ਼ਬਰੀ ਤੌਰ ’ਤੇ ਦਬਾਉਣ ਤੋਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਨ। ਜਿਸਦਾ ਨਮੂਨਾ ਪੱਟੀ ਡਿਪੂ ਵਿਚ ਕਰਮਚਾਰੀਆਂ ਦੇ ਹੱਕਾਂ ’ਤੇ ਮੰਗਾਂ ਲਈ ਆਵਾਜ਼ ਉਠਾਉਣ ਵਾਲੇ ਜਥੇਬੰਦੀ ਦੇ ਆਗੂਆਂ ਦੀਆਂ ਬਦਲੀਆਂ ਮੈਨੇਜਮੈਂਟ ਦੇ ਕਹਿਣ ’ਤੇ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਕਰਮਚਾਰੀਆਂ ਦੇ ਘਰਾਂ ਤੋਂ 300 ਕਿਲੋਮੀਟਰ ਦੂਰ ਕਰਨ ਦੇ ਹੁਕਮ ਜਾਰੀ ਕਰ ਕੇ ਵਿਖਾ ਦਿੱਤਾ ਹੈ। ਇੱਥੇ ਗੌਰਤਲਬ ਹੈ ਕਿ ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਜਥੇਬੰਦੀ ਸ਼ੁਰੂ ਤੋਂ ਹੀ ਕਰਮਚਾਰੀਆਂ ਦੀਆਂ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੇ ਨਾਲ-ਨਾਲ ਜਨਤਕ ਮੰਗਾਂ ਜਿਵੇਂ ਕਿ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਿਚ ਨਵੀਆਂ 10 ਹਜ਼ਾਰ ਬੱਸਾਂ ਸ਼ਾਮਲ ਕਰਨਾ ਅਤੇ ਟਰਾਂਸਪੋਰਟ ਮਾਫੀਆ ਨੂੰ ਨਕੇਲ ਪਾਉਣ ਲਈ ਸਰਕਾਰ ਕੋਲ ਆਵਾਜ਼ ਚੁੱਕਦੀ ਰਹੀ ਹੈ। ਇਸ ਆਵਾਜ਼ ਚੁੱਕਣ ਦਾ ਖਮਿਆਜ਼ਾ ਜਥੇਬੰਦੀ ਦੇ ਆਗੂਆਂ ਨੂੰ ਆਪਣੇ ਘਰਾਂ ਤੋਂ ਦੂਰ ਬਦਲੀਆਂ ਦੇ ਰੂਪ ’ਚ ਚੁਕਾਉਣਾ ਪੈ ਰਿਹਾ ਹੈ।
ਪ੍ਰਧਾਨ ਟਹਿਲ ਸਿੰਘ, ਸੈਕਟਰੀ ਮਨਜੀਤ ਸਿਘ ਸੰਧੂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਯੂਨੀਅਨ ਵੱਲੋਂ 2 ਵਾਰ ਮਿਲ ਕੇ ਆਪਣੀ ਅਤੇ ਮਹਿਕਮੇ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਪੈਨਲ ਮੀਟਿੰਗ ਲਈ ਚਾਰ ਮੰਗ-ਪੱਤਰ ਭੇਜੇ ਗਏ ਹਨ, ਪ੍ਰੰਤੂ ਜਾਇਜ਼ ਮੰਗਾਂ ਦਾ ਹੱਲ ਕਰਨ ਜਾਂ ਮਹਿਕਮੇ ਨੂੰ ਮੁਨਾਫੇ ਵਾਲੇ ਪਾਸੇ ਲੈ ਕੇ ਜਾਣ ਦੀ ਥਾਂ ’ਤੇ ਨਵੇਂ ਟਰਾਂਸਪੋਰਟ ਮੰਤਰੀ ਵੱਲੋਂ ਯੂਨੀਅਨ ਨੂੰ ਧਰਨੇ, ਮੁਜ਼ਾਹਰੇ, ਹੜਤਾਲਾਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਜਾਇਜ਼ ਮੰਗਾਂ ਵਿਚ 10 ਹਜ਼ਾਰ ਸਰਕਾਰੀ ਬੱਸਾਂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ, ਡਾਟਾ ਐਂਟਰੀ ਆਪ੍ਰੇਟਰ ਦੀ ਤਨਖਾਹ ਵਿਚ ਵਾਧਾ ਕਰਨ, ਟਿਕਟ ਦੀ ਜ਼ਿੰਮੇਵਾਰੀ ਸਵਾਰੀ ਦੀ ਕਰਨ ਆਦਿ ਮੰਗਾਂ ਦਾ ਹੱਲ ਜਲਦੀ ਕੱਢਿਆ ਜਾਵੇ। ਟਰਾਂਸਪੋਰਟ ਮੰਤਰੀ ਅਤੇ ਮੈਨੇਜਮੈਂਟ ਵੱਲੋਂ ਧੱਕੇਸ਼ਾਹੀ ਨਾਲ ਕੀਤੀਆਂ ਪੱਟੀ ਡਿਪੂ ਦੇ ਕਰਮਚਾਰੀਆਂ ਦੀਆਂ ਬਦਲੀਆਂ ਤੁਰੰਤ ਰੱਦ ਨਾ ਕੀਤੀਆਂ ਗਈਆਂ ਤਾਂ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਮੁਕੰਮਲ ਚੱਕਾ ਜਾਮ ਸਮੂਹ ਪੰਜਾਬ ਦੇ ਬੱਸ ਸਟੈਂਡ ’ਤੇ ਡਿਪੂ ਬੰਦ ਕਰ ਕੇ ਕੀਤਾ ਜਾਵੇਗਾ।
MOU ਕਰ ਕੇ ਪੰਜਾਬ ’ਤੇ ‘ਕੰਟਰੋਲ’ ਕਰਨ ਦੀ ਫ਼ਿਰਾਕ ’ਚ ਕੇਜਰੀਵਾਲ : ਤਰੁਣ ਚੁੱਘ
NEXT STORY