ਲੁਧਿਆਣਾ (ਮੋਹਿਨੀ) : ਪਨਬੱਸ ਦੀਆਂ ਕਰਜ਼ਾ-ਮੁਕਤ ਹੋ ਚੁੱਕੀਆਂ 587 ਬੱਸਾਂ ਨੂੰ ਪੰਜਾਬ ਰੋਡਵੇਜ਼ ’ਚ ਸ਼ਾਮਲ ਕਰਨ ਬਾਰੇ ਮਾਮਲਾ ਆਖ਼ਰੀ ਪੜਾਅ ’ਤੇ ਹੈ ਅਤੇ ਨੇੜਲੇ ਭਵਿੱਖ ’ਚ ਇਸ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਜਾਵੇਗਾ। ਫ਼ੌਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਮਹਿਕਮੇ ’ਚ ਯੋਗਤਾ ਮੁਤਾਬਕ ਨੌਕਰੀ ਦੇਣ ਸਬੰਧੀ ਅਧਿਕਾਰੀਆਂ ਨੂੰ ਸਾਰੇ ਮਾਮਲੇ ਛੇਤੀ ਤੋਂ ਛੇਤੀ ਨਿਬੇੜਨ ਲਈ ਕਿਹਾ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਮੀਟਿੰਗ ’ਚ ਐਕਸ਼ਨ ਕਮੇਟੀ ’ਚ ਕੰਮ ਕਰਦੀਆਂ ਜੱਥੇਬੰਦੀਆਂ, ਟਰਾਂਸਪੋਰਟ ਸਕੱਤਰ ਅਤੇ ਵਿਭਾਗ ਦੇ ਡਾਇਰੈਕਟਰ ਅਤੇ ਉੱਚ ਅਧਿਕਾਰੀ ਵੀ ਸ਼ਾਮਲ ਸਨ। ਐਕਸ਼ਨ ਕਮੇਟੀ ਦੇ ਕਨਵੀਨਰ ਗੁਰਜੀਤ ਸਿੰਘ ਬਰਾੜ ਵਲੋਂ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਬਜਟ ’ਚ ਫ਼ੰਡ ਰੱਖ ਕੇ ਨਵੀਆਂ ਬੱਸਾਂ ਰੋਡਵੇਜ਼ ’ਚ ਪਾਉਣੀਆਂ, ਕੰਟਰੈਕਟ ਕਾਮਿਆਂ ਨੂੰ ਵਿਭਾਗ ’ਚ ਰੈਗੂਲਰ ਕਰਨਾ, ਪ੍ਰਮੋਸ਼ਨਾਂ, ਟਾਈਮਟੇਬਲਾਂ ’ਚ ਇਕਸਾਰਤਾ ਲਿਆਉਣੀ ਆਦਿ ਬਾਰੇ ਮੰਤਰੀ ਕੋਲ ਆਪਣੀ ਗੱਲ ਰੱਖੀ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਸ ਤਾਰੀਖ਼ ਨੂੰ ਗਜ਼ਟਿਡ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਉਨ੍ਹਾਂ ਕਿਹਾ ਕਿ ਬੱਸਾਂ ਦੀ ਘਾਟ ਕਾਰਨ ਵਿਭਾਗ ਦੇ ਹਜ਼ਾਰਾਂ ਕਿਲੋਮੀਟਰ ਮਿੱਸ ਹੋ ਰਹੇ ਹਨ, ਜਿਸ ਦਾ ਸਿੱਧਾ ਲਾਭ ਨਿੱਜੀ ਟਰਾਂਸਪੋਰਟ ਨੂੰ ਹੋ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਜਲਦ ਤੋਂ ਜਲਦ ਰੋਡਵੇਜ਼ ’ਚ ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ। ਐਕਸ਼ਨ ਕਮੇਟੀ ਦੇ ਕੋ-ਕਨਵੀਨਰ ਕਾ. ਗੁਰਜੰਟ ਕੋਕਰੀ ਨੇ ਕਿਹਾ ਕਿ ਵਿਭਾਗ ’ਚ ਲੰਮੇ ਸਮੇਂ ਤੋਂ ਕੰਟਰੈਕਟ ਮੁਲਾਜ਼ਮ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਵਿਭਾਗ ’ਚ ਰੈਗੂਲਰ ਕਰਨਾ ਬਣਦਾ ਹੈ। ਲੰਮੇ ਸਮੇਂ ਤੋਂ ਪ੍ਰਮੋਸ਼ਨਾਂ ਦੀ ਫ਼ਾਈਲ ਰੁਕੀ ਹੋਈ ਹੈ, ਜਦਕਿ ਮੁਲਾਜ਼ਮ ਬਿਨਾਂ ਕੋਈ ਤਰੱਕੀ ਲਏ ਹੀ ਸੇਵਾਮੁਕਤ ਹੋ ਰਹੇ ਹਨ। ਵਿਭਾਗ ਨੂੰ ਇਨ੍ਹਾਂ ਮੁਲਾਜ਼ਮਾਂ ਦੀਆਂ ਬਣਦੀਆਂ ਪ੍ਰਮੋਸ਼ਨਾਂ ਜਲਦ ਕਰਨੀਆਂ ਚਾਹੀਦੀਆਂ ਹਨ। ਪਨਬੱਸ ਜੱਥੇਬੰਦੀ ਦੇ ਆਗੂ ਹਰਮੰਦਰ ਸਿੰਘ ਵੱਲੋਂ ਵੀ ਕੰਟਰੈਕਟ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਮਾਣਯੋਗ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ। ਇਨ੍ਹਾਂ ਮੰਗਾਂ ਤੇ ਸਮੱਸਿਆਵਾਂ ਸੁਣਨ ਤੋਂ ਬਾਅਦ ਮੰਤਰੀ ਭੁੱਲਰ ਨੇ ਸਰਕਾਰ ਵਲੋਂ ਇਸ ਗੱਲ ਦਾ ਪੂਰਨ ਭਰੋਸਾ ਦਿੱਤਾ ਗਿਆ ਕਿ ਰੋਡਵੇਜ਼ ’ਚ ਬੱਸਾਂ ਸ਼ਾਮਲ ਕਰਨ ਸਬੰਧੀ ਕੇਸ ਲਗਭਗ ਮੁਕੰਮਲ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਸਾਹਮਣੇ ਫਿਰ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ
ਕੁੱਝ ਸਮੇਂ ’ਚ ਹੀ ਇਹ ਮੰਗ ਪੂਰੀ ਹੋ ਜਾਵੇਗੀ, ਜਿਸ ਤੋਂ ਬਾਅਦ ਕੰਟਰੈਕਟ ਮੁਲਾਜ਼ਮਾਂ ਨੂੰ ਵਿਭਾਗ ’ਚ ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਮੰਤਰੀ ਸਾਹਿਬ ਵਲੋਂ ਇਹ ਭਰੋਸਾ ਦੁਆਇਆ ਗਿਆ ਕਿ ਉਨ੍ਹਾਂ ਦੀ ਸਰਕਾਰ ਬਹੁਤ ਤੇਜ਼ੀ ਨਾਲ ਡੈੱਥ ਕੇਸ ਕਲੀਅਰ ਕਰਨ ਅਤੇ ਰਹਿੰਦੀਆਂ ਪ੍ਰਮੋਸ਼ਨਾਂ ਕਰਨ ਸਬੰਧੀ ਕੰਮ ਕਰ ਰਹੀ ਹੈ। ਜਲਦ ਹੀ ਮੁਲਜ਼ਮਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਜਾਵੇਗੀ। ਮੀਟਿੰਗ ’ਚ ਏਟਕ ਆਗੂ ਕਿਰਨਦੀਪ ਢਿੱਲੋਂ, ਕਰਮਚਾਰੀ ਦਲ ਦੇ ਆਗੂ ਰਸ਼ਪਾਲ ਸਿੰਘ, ਸੁਖਪਾਲ ਸਿੰਘ, ਕੰਟਰੈਕਟ ਜੱਥੇਬੰਦੀ ਦੇ ਆਗੂ ਜਸਪਾਲ ਸਿੰਘ, ਰਵਿੰਦਰ ਸਿੰਘ, ਕੰਡਕਟਰ ਯੂਨੀਅਨ ਆਗੂ ਗੁਰਦਿਆਲ ਸਿੰਘ, ਸਰਬਜੀਤ ਸਿੰਘ ਅਤੇ ਸਾਥੀ ਸ਼ਾਮਲ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਜੀਲੈਂਸ ਸਾਹਮਣੇ ਫਿਰ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ
NEXT STORY