ਲੁਧਿਆਣਾ (ਵਿੱਕੀ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਵੱਡਾ ਫੈਸਲਾ ਲੈਂਦਿਆਂ ਪੂਰੇ ਸੂਬੇ ਵਿਚ ਬੱਚਿਆਂ ਨੂੰ ਕੈਫੀਨ ਯੁਕਤ ਐਨਰਜੀ ਡਰਿੰਕ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਜਾਰੀ ਹੁਕਮਾਂ ਅਨੁਸਾਰ, ਹੁਣ ਨਾ ਸਿਰਫ਼ ਬੱਚਿਆਂ ਨੂੰ ਐਨਰਜੀ ਡਰਿੰਕ ਵੇਚਣਾ ਮਨ੍ਹਾ ਹੋਵੇਗਾ, ਸਗੋਂ ਸਕੂਲ-ਕਾਲਜਾਂ ਦੀਆਂ ਕੰਟੀਨਾਂ ਅਤੇ ਆਲੇ-ਦੁਆਲੇ ਵੀ ਇਸ ਦੀ ਵਿਕਰੀ 'ਤੇ ਰੋਕ ਰਹੇਗੀ। ਪੇਂਡੂ ਖੇਤਰਾਂ ਵਿਚ ਸਕੂਲ ਤੋਂ 100 ਮੀਟਰ ਅਤੇ ਸ਼ਹਿਰੀ ਇਲਾਕਿਆਂ ਵਿਚ 50 ਮੀਟਰ ਦੇ ਘੇਰੇ ਵਿਚ ਐਨਰਜੀ ਡਰਿੰਕ ਨਹੀਂ ਵੇਚੀ ਜਾ ਸਕੇਗੀ। ਸਿਹਤ ਵਿਭਾਗ ਨੇ ਆਪਣੇ ਹੁਕਮਾਂ ਵਿਚ ਦੱਸਿਆ ਕਿ ਕਈ ਐਨਰਜੀ ਡਰਿੰਕਸ ਦੇ ਲੇਬਲ 'ਤੇ ਪਹਿਲਾਂ ਹੀ ਲਿਖਿਆ ਹੁੰਦਾ ਹੈ ਕਿ ਇਹ ਬੱਚਿਆਂ ਲਈ ਢੁਕਵੇਂ ਨਹੀਂ ਹਨ, ਇਸ ਦੇ ਬਾਵਜੂਦ ਇਨ੍ਹਾਂ ਨੂੰ ਵੱਡੇ ਪੱਧਰ 'ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੇਚਿਆ ਜਾ ਰਹੀਆਂ ਹਨ।
ਇਨ੍ਹਾਂ ਡਰਿੰਕਸ ਵਿਚ ਕੈਫੀਨ, ਗੁਆਰਾਨਾ, ਟੌਰਿਨ, ਜਿਨਸੇਂਗ ਵਰਗੇ ਤੱਤ ਹੁੰਦੇ ਹਨ, ਜੋ ਸਰੀਰ 'ਤੇ ਉਤੇਜਕ ਪ੍ਰਭਾਵ ਪਾਉਂਦੇ ਹਨ। ਮੈਡੀਕਲ ਅਧਿਐਨਾਂ ਦੇ ਹਵਾਲੇ ਨਾਲ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜ਼ਿਆਦਾ ਕੈਫੀਨ ਦੇ ਸੇਵਨ ਨਾਲ ਦਿਲ, ਦਿਮਾਗ, ਪਾਚਨ ਪ੍ਰਣਾਲੀ ਅਤੇ ਗੁਰਦਿਆਂ 'ਤੇ ਗਲਤ ਅਸਰ ਪੈ ਸਕਦਾ ਹੈ। ਖਾਸ ਕਰਕੇ ਬੱਚਿਆਂ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਇਹ ਜ਼ਿਆਦਾ ਖ਼ਤਰਨਾਕ ਹੈ। ਐਫ.ਡੀ.ਏ. (FDA) ਕਮਿਸ਼ਨਰ ਕਨਵਲ ਪ੍ਰੀਤ ਬਰਾੜ ਨੇ ਦੱਸਿਆ ਕਿ ਇਹ ਫੈਸਲਾ ਪਬਲਿਕ ਹੈਲਥ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ : ਸਕੂਲਾਂ ਦਾ ਬਦਲੇਗਾ ਸਮਾਂ! ਅੱਤ ਦੀ ਗਰਮੀ ਵਿਚਾਲੇ ਵਿਭਾਗੀ ਹਦਾਇਤਾਂ ਜਾਰੀ
NEXT STORY