ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਇੱਕ ਵਾਰ ਫਿਰ ਅਦਾਲਤ ਵਿਚ ਮੂੰਹ ਦੀ ਖਾਣ ਵਾਲੀ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਸੈਣੀ ਨੂੰ ਘੇਰਨ ਲਈ ਹੋਰ ਜ਼ਿਆਦਾ ਤਤਪਰਤਾ ਨਾਲ ਫਾਈਲਾਂ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਵੇਂ ਹੀ ਬੁੱਧਵਾਰ ਰਾਤ ਨੂੰ ਸੁਮੇਧ ਸਿੰਘ ਸੈਣੀ ਨੂੰ ਬੀਤੇ ਸਾਲ ਦਰਜ ਹੋਏ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੇ ਇੱਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਦਾਲਤ ਦੀ ਚੌਖਟ ’ਤੇ ਵਿਜੀਲੈਂਸ ਬਿਊਰੋ ਦੀ ਕੋਈ ਦਲੀਲ਼ ਨਾ ਸੁਣੇ ਜਾਣ ਤੋਂ ਵਿਜੀਲੈਂਸ ਦੀ ਸੈਣੀ ਨੂੰ ਰਿਮਾਂਡ ’ਤੇ ਲੈਣ ਦੀ ਇੱਛਾ ਧਰਾਸ਼ਾਈ ਹੋ ਗਈ। ਹਾਲਾਂਕਿ ਵਿਜੀਲੈਂਸ ਬਿਊਰੋ ਅਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਵੱਲੋਂ ਸੁਮੇਧ ਸਿੰਘ ਸੈਣੀ ਨੂੰ ਅਦਾਲਤ ਸਾਹਮਣੇ ਪੇਸ਼ ਕੀਤੇ ਜਾਣ ਤੋਂ ਪਹਿਲਾਂ ਉਸ ਤੋਂ ਕਈ ਘੰਟਿਆਂ ਤੱਕ ਵੱਖ-ਵੱਖ ਮਾਮਲਿਆਂ ਸਬੰਧੀ ਪੁੱਛਗਿਛ ਕੀਤੀ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਮੇਧ ਸੈਣੀ ਮਾਮਲੇ 'ਚ 'ਰੰਧਾਵਾ' ਦਾ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ, 3 ਅਫ਼ਸਰਾਂ ਨੂੰ ਹਟਾਉਣ ਦੀ ਮੰਗ
ਵਿਜੀਲੈਂਸ ਬਿਊਰੋ ਵੱਲੋਂ ਸੈਣੀ ਦੀ ਗ੍ਰਿਫ਼ਤਾਰੀ ਦਾ ਆਧਾਰ ਵਰਲਡ ਵਾਈਡ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸੇਜ਼ (ਡਬਲਯੂ. ਡਬਲਯੂ. ਆਈ. ਸੀ. ਐੱਸ.) ਅਸਟੇਟ ਪ੍ਰਾਈਵੇਟ ਲਿਮਿਟਡ ਵੱਲੋਂ ਕੁਰਾਲੀ ਦੇ ਨਜ਼ਦੀਕ ਸਰਕਾਰੀ ਅਧਿਕਾਰੀਆਂ ਦੀ ਮਿਲੀ-ਭੁਗਤ ਦੇ ਨਾਲ ਮਾਮਲਾ ਰਿਕਾਰਡ ਵਿਚ ਫੇਰਬਦਲ ਕਰ ਕੇ ਕੱਟੀਆਂ ਗਈਆਂ ਦੋ ਕਾਲੋਨੀਆਂ ਦੇ ਭ੍ਰਿਸ਼ਟਾਚਾਰ ਨਾਲ ਜੋੜ ਕੇ ਬਣਾਇਆ ਗਿਆ ਸੀ ਅਤੇ ਉਸੇ ਪੈਸੇ ਨਾਲ ਚੰਡੀਗੜ੍ਹ ਦੇ ਸੈਕਟਰ 20 ਸਥਿਤ 3048 ਨੰਬਰ ਕੋਠੀ ਦੀ ਖ਼ਰੀਦ ਨੂੰ ਜੋੜਿਆ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਹੁਣ ਸੁਮੇਧ ਸਿੰਘ ਸੈਣੀ ਦੇ ਕਾਰਜਕਾਲ ਦੌਰਾਨ ਹੋਈ ਪੁਲਸ ਕਾਂਸਟੇਬਲ ਭਰਤੀ ਦੀਆਂ ਫਾਈਲਾਂ ਵੀ ਖੰਗਾਲਣੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ ਤਾਂ ਕਿ ਤੱਥਾਂ ਸਮੇਤ ਸਬੂਤ ਮਿਲਣ ’ਤੇ ਉਸ ਸਬੰਧ ਵਿਚ ਵੀ ਸੈਣੀ ਨੂੰ ਘੇਰਿਆ ਜਾ ਸਕੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਾਬਕਾ DGP 'ਮੁਹੰਮਦ ਮੁਸਤਫ਼ਾ' ਦੀ ਸਿਆਸੀ ਪਾਰੀ, ਨਵਜੋਤ ਸਿੱਧੂ ਦੀ ਟੀਮ 'ਚ ਹੋਏ ਸ਼ਾਮਲ
ਸੂਤਰਾਂ ਮੁਤਾਬਕ ਸੈਣੀ ਦੇ ਡੀ. ਜੀ. ਪੀ. ਕਾਰਜਕਾਲ ਦੌਰਾਨ ਹੋਈ ਕਾਂਸਟੇਬਲ ਭਰਤੀ ਵਿਚ ਕਈ ਗੜਬੜੀਆਂ ਦੀਆਂ ਚਰਚਾਵਾਂ ਚੱਲੀਆਂ ਸਨ। ਵਿਜੀਲੈਂਸ ਬਿਊਰੋ ਵੱਲੋਂ ਇਨ੍ਹਾਂ ਫਾਈਲਾਂ ਦੀ ਗੰਭੀਰ ਜਾਂਚ ਲਈ ਏ. ਆਈ. ਜੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਟੀਮ ਬਣਾਈ ਗਈ ਹੈ। ਵਿਜੀਲੈਂਸ ਮੁਤਾਬਕ ਸਾਲ 2013 ਵਿਚ ਡਬਲਯੂ. ਡਬਲਯੂ. ਆਈ. ਸੀ. ਐੱਸ. ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਨੇ ਤਤਕਾਲੀਨ ਸਥਾਨਿਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਅਸ਼ੋਕ ਸਿੱਕਾ, ਐੱਸ. ਟੀ. ਪੀ. ਸਾਗਰ ਭਾਟੀਆ ਅਤੇ ਹੋਰਾਂ ਨਾਲ ਮਿਲੀ-ਭੁਗਤ ਕਰ ਕੇ ਖੇਤੀ ਵਾਲੀ ਜ਼ਮੀਨ ਅਤੇ ਕੁਦਰਤੀ ਚੋਅ ਨੂੰ ਨਜਾਇਜ਼ ਤਰੀਕੇ ਨਾਲ ਰਿਹਾਇਸ਼ੀ ਇਲਾਕਾ ਦਿਖਾ ਕੇ, ਗਰੀਨ ਮੀਡੋਜ਼-1 ਅਤੇ ਗਰੀਨ ਮੀਡੋਜ਼-2 ਨਾਮ ਦੀਆਂ ਰਿਹਾਇਸ਼ੀ ਕਾਲੋਨੀਆਂ ਕੱਟੀਆਂ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਸਰਟੀਫਿਕੇਟਾਂ ਨੂੰ ਲੈ ਕੇ ਨਵਾਂ ਫ਼ਰਮਾਨ ਜਾਰੀ
ਇਸ ਮਾਮਲੇ ਵਿਚ ਬੀਤੇ ਸਾਲ ਧਾਰਾ 409, 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਦਵਿੰਦਰ ਸਿੰਘ ਸੰਧੂ ਇੱਕ ਹੋਰ ਮੁਲਜ਼ਮ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਦਾ ਪੁਰਾਣਾ ਜਾਣਕਾਰ ਸੀ ਅਤੇ ਨਿਮਰਤਦੀਪ ਸਿੰਘ ਦੀ ਉੱਚ ਅਧਿਕਾਰੀਆਂ ਨਾਲ ਕਾਫ਼ੀ ਜਾਣ- ਪਛਾਣ ਦਾ ਫ਼ਾਇਦਾ ਚੁੱਕ ਕੇ ਹੀ ਉਕਤ ਸਾਰਾ ਕੰਮ ਕੀਤਾ ਗਿਆ ਸੀ, ਜਿਸ ਲਈ ਨਿਮਰਤਦੀਪ ਵੱਲੋਂ ਦਵਿੰਦਰ ਸਿੰਘ ਸੰਧੂ ਤੋਂ ਤਕਰੀਬਨ 6 ਕਰੋੜ ਰੁਪਏ ਰਿਸ਼ਵਤ ਹਾਸਲ ਕੀਤੀ ਗਈ ਸੀ। ਇਸ ਪੈਸੇ ਨਾਲ ਚੰਡੀਗੜ੍ਹ ਦੇ ਸੈਕਟਰ-20 ਸਥਿਤ ਕੋਠੀ ਖ਼ਰੀਦੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਸੁਮੇਧ ਸੈਣੀ ਮਾਮਲੇ 'ਚ 'ਰੰਧਾਵਾ' ਦਾ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ, 3 ਅਫ਼ਸਰਾਂ ਨੂੰ ਹਟਾਉਣ ਦੀ ਮੰਗ
NEXT STORY