ਚੰਡੀਗੜ੍ਹ/ਲੁਧਿਆਣਾ (ਅਨਿਲ): ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਨੇ ਪੀ.ਐੱਸ.ਪੀ.ਸੀ.ਐਲ. ਦੇ ਸਾਬਕਾ ਚੀਫ ਮੈਨੇਜਿੰਗ ਡਾਇਰੈਕਟਰ ਕੇ.ਡੀ. ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਮੈਸਰਜ਼ ਦਾਮਿਨੀ ਰਿਜ਼ੋਰਟ ਐਂਡ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਲੁਧਿਆਣਾ ਦੇ ਡਾਇਰੈਕਟਰ ਅਮਿਤ ਗਰਗ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀਆਂ ਵਿਰੁੱਧ ਵਿਜੀਲੈਂਸ ਜਾਂਚ ਨੰਬਰ 05, ਮਿਤੀ 10.05.2021 ਦੇ ਨਤੀਜਿਆਂ ਉਪਰੰਤ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਸੰਤ ਐਵੇਨਿਊ ਵਿਚ 66 ਕੇ.ਵੀ. ਸਬ ਸਟੇਸ਼ਨ ਸਥਾਪਤ ਕਰਨ ਸਬੰਧੀ, ਬਸੰਤ ਐਵੇਨਿਊ ਦੇ ਕਲੋਨਾਈਜ਼ਰ ਨੇ ਪੀ.ਐੱਸ.ਪੀ.ਸੀ.ਐੱਲ. ਦੇ ਸਬੰਧਤ ਫੀਲਡ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਕਤ 66 ਕੇ.ਵੀ. ਸਬ ਸਟੇਸ਼ਨ ਨੂੰ ਆਪਣੀ ਕਾਲੋਨੀ ਵਿਚ 1015 ਵਰਗ ਗਜ਼ ਖੇਤਰ ਵਿਚ ਲਗਵਾ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਤਤਕਾਲੀ ਉੱਚ ਅਧਿਕਾਰੀਆਂ ਵੱਲੋਂ ਫੀਲਡ ਅਧਿਕਾਰੀਆਂ ਨੂੰ ਕਲੋਨਾਈਜ਼ਰ ਦੀਆਂ ਸਾਰੀਆਂ ਕਲੋਨੀਆਂ ਦੀ ਐੱਨਓਸੀ ਦੀ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਹੁੰਦੇ ਅਤੇ ਕਿਉਂਕਿ ਕਲੋਨੀਆਂ ਆਪਸ ਵਿਚ ਜੁੜੀਆਂ ਹੁੰਦੀਆਂ ਹਨ ਅਤੇ ਨਾਲ-ਨਾਲ ਸਥਿਤ ਹੁੰਦੀਆਂ ਹਨ, ਇਸ ਲਈ ਬਿਜਲੀ ਦੇ ਸਾਰੇ ਲੋਡ ਦਾ ਹਿਸਾਬ ਇਕੱਠੇ ਲਗਾਇਆ ਜਾਂਦਾ, ਤਾਂ 66 ਕੇ.ਵੀ. ਸਬ ਸਟੇਸ਼ਨ ਸਥਾਪਤ ਕਰਨ ਦੀ ਸਾਰੀ ਲਾਗਤ ਕਲੋਨਾਈਜ਼ਰ ਵੱਲੋਂ ਸਹਿਣ ਕੀਤੀ ਜਾਂਦੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਚਲਦਿਆਂ ਬਿਜਲੀ ਮੰਤਰਾਲੇ ਵੱਲੋਂ ਸਬ ਸਟੇਸ਼ਨ ਲਗਾਉਣ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਉਕਤ 66 ਕੇ.ਵੀ. ਬਸੰਤ ਐਵੇਨਿਊ ਸਬ ਸਟੇਸ਼ਨ ਤੱਕ ਜਾਣ ਲਈ ਕੋਈ ਪੱਕੀ ਸੜਕ ਨਾ ਹੋਣ ਅਤੇ ਇਸ ਦੇ ਪੱਖੋਵਾਲ ਲਿੰਕ ਰੋਡ ਤੋਂ ਲਗਭਗ 3 ਕਿਲੋਮੀਟਰ ਦੂਰ ਖੇਤਾਂ ਵਿਚ ਸਥਿਤ ਹੋਣ ਬਾਰੇ ਵੀ ਕੋਈ ਵੀ ਜ਼ਿਕਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਚੀਫ ਮੈਨੇਜਿੰਗ ਡਾਇਰੈਕਟਰ ਵੱਲੋਂ ਪ੍ਰਸਤਾਵ ਵਿਚ ਜਾਂ ਬਾਅਦ ਵਿਚ ਕਿਸੇ ਵੀ ਦਫ਼ਤਰ ਵਿਚ ਨਹੀਂ ਕੀਤਾ ਗਿਆ ਸੀ। ਇਸ ਲਈ ਹੁਣ ਵੀ ਉਕਤ 66 ਕੇ.ਵੀ. ਬਸੰਤ ਐਵੇਨਿਊ ਸਬ ਸਟੇਸ਼ਨ ਅਣਵਿਕਸਿਤ ਕਲੋਨੀਆਂ ਅਤੇ ਖੇਤਾਂ ਵਿਚ ਸਥਿਤ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬ ਸਟੇਸ਼ਨ ਤੱਕ ਪਹੁੰਚਣ ਲਈ ਕੋਈ ਪੱਕੀ ਸੜਕ ਨਹੀਂ ਹੈ। ਤਤਕਾਲੀ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਫੀਲਡ ਵਿਚ ਤਾਇਨਾਤ ਤਤਕਾਲੀ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ 66 ਕੇਵੀਐਚ ਸਬ ਸਟੇਸ਼ਨ ਬਸੰਤ ਐਵੇਨਿਊ ਸਥਾਪਤ ਕਰਨ ਸਬੰਧੀ ਭੇਜੇ ਗਏ ਪ੍ਰਸਤਾਵ ਨੂੰ ਤਤਕਾਲੀ ਚੀਫ ਮੈਨੇਜਿੰਗ ਡਾਇਰੈਕਟਰ ਕੇ.ਡੀ. ਚੌਧਰੀ ਨੇ ਮਨਜ਼ੂਰੀ ਦੇ ਦਿੱਤੀ ਸੀ, ਜਿਸ ਵਿਚ ਉਕਤ ਸਬ ਸਟੇਸ਼ਨ ਦੀ ਸਥਾਪਨਾ ਸਬੰਧੀ ਕਮੀਆਂ ਅਤੇ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਜਿਸ ਕਾਰਨ ਬਸੰਤ ਐਵੇਨਿਊ ਕਲੋਨੀ ਨੂੰ ਸਿੱਧਾ ਲਾਭ ਹੋਇਆ। ਮੁਲਜ਼ਮ ਕੇ.ਡੀ. ਚੌਧਰੀ, ਸੰਜੀਵ ਪ੍ਰਭਾਕਰ ਅਤੇ ਅਮਿਤ ਗਰਗ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੋਲਟਰੀ ਫਾਰਮ ਦੇ ਸ਼ੈੱਡ 'ਚ ਲੱਗੀ ਭਿਆਨਕ ਅੱਗ
NEXT STORY