ਮਾਲੇਰਕੋਟਲਾ (ਜ਼ਹੂਰ) : ਪੰਜਾਬ ਵਕਫ਼ ਬੋਰਡ ਵੱਲੋਂ ਇਕ ਵਾਰ ਫਿਰ ਇਤਿਹਾਸਕ ਫੈਸਲਾ ਲੈਂਦਿਆਂ ਸੂਬੇ ਵਿਚ 3 ਹਜ਼ਾਰ ਪੈਨਸ਼ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਦਕਿ ਬੋਰਡ ਨੇ ਆਪਣੇ ਪਟਵਾਰੀਆਂ ਦੀ ਤਨਖਾਹ 15 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਕਰ ਕੇ 5 ਹਜ਼ਾਰ ਰੁਪਏ ਟੀ. ਏ. ਦੇਣ ਦੇ ਫੈਸਲੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਏ.ਡੀ.ਜੀ.ਪੀ. ਐੱਮ. ਐੱਫ. ਫਾਰੂਕੀ ਵੱਲੋਂ ਸੀ.ਈ.ਓ. ਲਤੀਫ਼ ਅਹਿਮਦ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਵਕਫ਼ ਬੋਰਡ ਦੇ ਕਈ ਲੰਬਿਤ ਪਏ ਕੇਸਾਂ ਬਾਰੇ ਚਰਚਾ ਕੀਤੀ ਗਈ। ਇਸ ਵਿਚ ਐੱਮ. ਐੱਫ. ਫਾਰੂਕੀ ਵੱਲੋਂ ਵੱਡੇ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਇਹ ਵੀ ਪੜ੍ਹੋ : SGPC ਨੇ ਪੰਜਾਬ ਸਰਕਾਰ ਦੇ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਕੀਤਾ ਮੁੱਢੋਂ ਰੱਦ, 26 ਨੂੰ ਬੁਲਾਇਆ ਵਿਸ਼ੇਸ਼ ਇਜਲਾਸ
ਉਨ੍ਹਾਂ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵੱਲੋਂ ਸੂਬੇ ਵਿਚ ਵਿਧਵਾ, ਅੰਗਹੀਣ ਅਤੇ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ, ਜਿਸ ਸਬੰਧੀ ਉਨ੍ਹਾਂ ਕੋਲ ਕਾਫ਼ੀ ਸਮੇਂ ਤੋਂ ਅਰਜ਼ੀਆਂ ਪੁੱਜੀਆਂ ਸਨ ਪਰ ਇਹ ਲੰਬਿਤ ਚੱਲ ਰਹੀ ਸੀ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਮੰਗ ਕੀਤੀ ਗਈ ਸੀ ਕਿ ਇਹ ਪੈਨਸ਼ਨਾਂ ਮਨਜ਼ੂਰ ਕੀਤੀਆਂ ਜਾਣ, ਇਸ ਲਈ ਬੋਰਡ ਵੱਲੋਂ 3 ਹਜ਼ਾਰ ਨਵੀਆਂ ਪੈਨਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਹਿਲਾਂ ਪੰਜਾਬ ਵਕਫ਼ ਬੋਰਡ ਵੱਲੋਂ 4200 ਦੇ ਕਰੀਬ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਸਨ ਅਤੇ ਹੁਣ 3000 ਨਵੀਆਂ ਪੈਨਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੰਜਾਬ ਵਕਫ਼ ਬੋਰਡ ਦਾ ਸਾਲਾਨਾ ਪੈਨਸ਼ਨ ਬਜਟ ਲਗਭਗ 9 ਕਰੋੜ ਰੁਪਏ ਹੋਵੇਗਾ ਅਤੇ ਸੂਬੇ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਕਰੀਬ 7200 ਲੋਕਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਲੱਖਾਂ ਰੁਪਏ ਲੈ ਕੇ ਨਸ਼ਾ ਤਸਕਰ ਛੱਡਣ ਵਾਲੇ ਸਬ-ਇੰਸਪੈਕਟਰ ਤੇ ASI ਵਿਰੁੱਧ ਕੇਸ ਦਰਜ
ਇਸ ਤੋਂ ਇਲਾਵਾ ਪੰਜਾਬ ਵਕਫ਼ ਬੋਰਡ ਨੇ ਵੀ ਆਪਣੇ ਪਟਵਾਰੀਆਂ ਦੀਆਂ ਤਨਖਾਹਾਂ ਵਿਚ ਭਾਰੀ ਵਾਧਾ ਕੀਤਾ ਹੈ। ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਮੰਗ ਸੀ ਕਿ ਉਹ ਬਹੁਤ ਘੱਟ ਤਨਖਾਹ ’ਤੇ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਸੇਵਾਮੁਕਤ ਪਟਵਾਰੀਆਂ ਨੂੰ ਵੀ ਵਧੀਆ ਤਨਖਾਹ ਦੇ ਰਹੀ ਹੈ। ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ. ਲਤੀਫ਼ ਅਹਿਮਦ ਨੇ ਦੱਸਿਆ ਕਿ ਬੋਰਡ ਵੱਲੋਂ ਆਪਣੇ ਪਟਵਾਰੀਆਂ ਨੂੰ 15 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦਕਿ ਉਨ੍ਹਾਂ ਨੂੰ 5 ਹਜ਼ਾਰ ਰੁਪਏ ਟੀ. ਏ. ਵੀ ਦਿੱਤਾ ਜਾਵੇਗਾ। ਮੰਗਲਵਾਰ ਨੂੰ ਇਨ੍ਹਾਂ ਦੋਹਾਂ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਸੂਬੇ ਦੇ ਲੋਕਾਂ ਵੱਲੋਂ ਪ੍ਰਸ਼ਾਸਕ ਐੱਮ. ਐੱਫ. ਫਾਰੂਕੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਰਫ ਐੱਮ. ਐੱਫ. ਫਾਰੂਕੀ ਨੂੰ ਹੀ ਪੰਜਾਬ ਵਕਫ਼ ਬੋਰਡ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਜਦੋਂ ਉਨ੍ਹਾਂ ਨੂੰ ਪ੍ਰਸ਼ਾਸਕ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਸਭ ਤੋਂ ਵੱਡਾ ਫੈਸਲਾ ਬੋਰਡ ਦੇ ਇਮਾਮ ਦੀ ਤਨਖਾਹ ਨੂੰ ਦੁੱਗਣਾ ਕਰਨ ਅਤੇ ਮਸਜਿਦਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਵਧਾਉਣ ਦਾ ਲਿਆ ਸੀ ਅਤੇ ਹੁਣ ਫਿਰ ਤੋਂ ਵੱਡਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਐੱਮ. ਐੱਫ. ਫਾਰੂਕੀ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮਸਜਿਦਾਂ, ਕਬਰਿਸਤਾਨਾਂ ਦੀ ਚਾਰਦੀਵਾਰੀ, ਰਿਜ਼ਰਵ ਕਬਰਿਸਤਾਨਾਂ ਦੇ ਵਿਕਾਸ ਵਿਚ ਸ਼ਾਨਦਾਰ ਕੰਮ ਕੀਤਾ ਹੈ। ਇਸ ਮੌਕੇ ਡਾ. ਮੁਹੰਮਦ ਅਸਲਮ ਅਤੇ ਜਮੀਲ ਅਹਿਮਦ ਵੀ ਮੀਟਿੰਗ ਵਿਚ ਹਾਜ਼ਰ ਸਨ।
ਸਿੱਖ ਗੁਰਦੁਆਰਾ ਐਕਟ ਸੋਧ ਬਿੱਲ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ਪੰਜਾਬ ਸਰਕਾਰ
NEXT STORY