ਸੁਲਤਾਨਪੁਰ ਲੋਧੀ (ਧੀਰ)-ਕਈ ਵਰ੍ਹੇ ਪਹਿਲਾਂ ਯੂਰਪੀ ਦੇਸ਼ਾਂ 'ਚ ਜਾ ਕੇ ਵਸੇ ਪੰਜਾਬੀਆਂ ਵੱਲੋਂ ਸਖ਼ਤ ਮਿਹਨਤ ਕਰਕੇ ਵਿਦੇਸ਼ਾਂ ਦੀ ਧਰਤੀ 'ਤੇ ਹਾਸਲ ਕੀਤੇ ਖ਼ੁਸ਼ਹਾਲ ਮੁਕਾਮ ਨੂੰ ਵੇਖ ਵਿਦੇਸ਼ਾਂ 'ਚ ਵੱਸਣ ਦੀ ਚਾਹ ਨੇ ਪੰਜਾਬ 'ਚ ਵੱਸਦੇ ਬਾਕੀ ਪੰਜਾਬੀਆਂ 'ਚ ਵੀ ਡਾਲਰ-ਪੌਂਡ ਕਮਾਉਣ ਦੀ ਲਾਲਸਾ ਵਧਾ ਦਿੱਤੀ। ਅੱਜਕਲ੍ਹ ਡਾਲਰਾਂ ਦੀ ਚਕਾਚੌਂਧ 'ਚ ਗੁਆਚੇ ਭਾਰਤੀਆਂ ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਵੀ ਅੰਦਰ ਤਾਏ ਦੀ ਧੀ ਚੱਲੀ-ਮੈਂ ਕਿਉਂ ਰਹਾਂ ਕੱਲੀ ਵਾਲੀ ਕਹਾਵਤ ਵਾਂਗ ਹਰ ਜਾਇਜ਼-ਨਾਜਾਇਜ਼ ਤਰੀਕੇ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਦੇਸ਼ਾਂ ਵਿਚ ਜਾਣ ਦੀ ਹੋੜ ਜਿਹੀ ਲੱਗੀ ਪਈ ਹੈ।
ਨੌਜਵਾਨਾਂ ਵਿਚ ਵਿਦੇਸ਼ੀ ਠੱਪਾ ਲਗਵਾਉਣ ਦਾ ਭੂਤ ਇਸ ਕਦਰ ਸਵਾਰ ਹੈ ਕਿ ਦੋ-ਤਿੰਨ ਲੱਖ ਰੁਪਿਆ ਖ਼ਰਚਣ ਦੀ ਹੈਸੀਅਤ ਵਾਲਿਆਂ ਨੇ ਵੀ ਦੁਬਈ, ਸਾਉਦੀ ਅਰਬ ਵਰਗੇ ਅਰਬ ਦੇਸ਼ਾਂ ਨੂੰ ਵਹੀਰਾਂ ਘੱਤ ਰੱਖੀਆਂ ਹਨ। ਪਹਿਲਾਂ ਵੱਡੀ ਗਿਣਤੀ ਵਿਚ ਨਿਊਜ਼ੀਲੈਂਡ, ਅਸਟ੍ਰੇਲੀਆਂ, ਇੰਗਲੈਂਡ, ਸਿੰਘਾਪੁਰ, ਯੂਕ੍ਰੇਨ, ਜਰਮਨੀ ਅਤੇ ਕੈਨੇਡਾ ਵਿਚ ਵਿਦਿਆਰਥੀ ਤੌਰ 'ਤੇ ਪੜ੍ਹਾਈ ਕਰਨ ਦੇ ਬਹਾਨੇ ਜਾਣ ਦੀ ਖੁੱਲ੍ਹੀ ਚੋਰ ਮੋਰੀ ਰਾਹੀਂ ਭਾਵੇਂ ਅੱਜ ਵੀ ਕਿਸੇ ਮੁਲਕ ਵਿਚੋਂ ਘੱਟ, ਕਿਸੇ ਵਿਚੋਂ ਵੱਧ ਆਮਦ ਜਾਰੀ ਹੈ ਪਰ ਵੱਡੀ ਆਮਦ ਭਾਰਤੀ ਪੰਜਾਬ ਦੇ ਮੁੰਡੇ-ਕੁੜੀਆਂ ਦੀ ਹੋ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ਵਿਚ ਪੱਕਾ ਹੋਣ ਭਾਵ ਪੀ. ਆਰ. ਮਿਲਣ ਦਾ ਸਮਾਂ 3-4 ਸਾਲ ਤੋਂ ਵੱਧ ਕੇ ਕਰੀਬ 7 ਸਾਲ ਹੋਣ ਕਾਰਨ ਅੱਜਕਲ੍ਹ ਹਰੇਕ ਪੰਜਾਬੀ ਦੀ ਵਿਦਿਆਰਥੀ ਤੌਰ 'ਤੇ ਪਹਿਲੀ ਪਸੰਦ ਕੈਨੇਡਾ ਬਣਦੀ ਜਾ ਰਹੀ ਹੈ।
ਪੰਜਾਬ 'ਚ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਨੂੰ ਦੇਣ ਲੱਗੇ ਤਰਜੀਹ
ਭਾਰਤ ਅੰਦਰ ਖਾਸਕਰ ਪੰਜਾਬ `ਚ ਵਿਦਿਆਰਥੀਆਂ ਨੂੰ ਬਾਰਵੀਂ ਤੋਂ ਅੱਗੇ ਪੜ੍ਹਾਈ ਜਾਰੀ ਰੱਖਣ ਦਾ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ। ਉਹ ਦੇਖਦੇ ਹਨ ਕਿ ਉਨ੍ਹਾਂ ਦੇ ਆਂਢ-ਗੁਆਂਢ `ਚ ਕਿੰਨੇ ਲੜਕੇ-ਲੜਕੀਆਂ ਇੰਜੀਨੀਅਰ, ਡਾਕਟਰ, ਕਮਰਸ ਤੇ ਹੋਰ ਵੱਡੀਆਂ ਡਿਗਰੀਆਂ ਲੈ ਕੇ 10-15 ਹਜ਼ਾਰ ਰੁਪਏ ਦੀ ਨੌਕਰੀ ਲਈ ਲੇਲੜੀਆਂ ਕੱਢ ਰਹੇ ਹਨ। ਇੰਨੀ ਪੜ੍ਹਾਈ ਕਰਨ ਲਈ ਆਮ ਘਰਾਂ ਦੇ ਭਾਂਡੇ ਤੱਕ ਵਿਕ ਜਾਂਦੇ ਹਨ ਪਰ ਪੜ੍ਹਾਈ ਕਰਨ ਤੋਂ ਬਾਅਦ ਸਿਵਾਏ ਨਿਰਾਸ਼ਤਾ ਦੇ ਕੁਝ ਪੱਲੇ ਨਹੀਂ ਪੈਂਦਾ।
ਇਹ ਵੀ ਪੜ੍ਹੋ- ਬਿਨਾਂ ਬੁਲਾਏ ਵਿਆਹ ਸਮਾਗਮ 'ਚ ਪਹੁੰਚੇ ਪੁਲਸ ਮੁਲਾਜ਼ਮਾਂ ਦੀ ਹਰਕਤ ਨੇ ਉਡਾਏ ਹੋਸ਼, ਵੀਡੀਓ ਹੋਈ ਵਾਇਰਲ
ਵਿਦਿਆਰਥੀ ਵਿਦੇਸ਼ਾਂ ਦੀ ਹੁਸੀਨ ਧਰਤੀ ਦੇ ਸਜਾਉਂਦੇ ਹਨ ਸੁਫ਼ਨੇ
ਇਨ੍ਹਾਂ ਕੁਝ ਕਾਰਨਾਂ ਕਰਕੇ ਹਰੇਕ ਵਿਦਿਆਰਥੀ ਬਾਰਵੀਂ ਕਰਨ ਤੋਂ ਬਾਅਦ ਲੋੜੀਂਦੇ ਆਈਲੈਟਸ ਬੈਂਡ ਹਾਸਲ ਕਰਨ ਉਪਰੰਤ ਆਸਟ੍ਰੇਲੀਆ ਜਾਂ ਕੈਨੇਡਾ ਵਰਗੇ ਸੁਪਨਿਆਂ ਦੀ ਧਰਤੀ `ਤੇ ਜਾ ਕੇ ਆਪਣੇ ਸੁਪਨੇ ਸਜਾਉਣਾ ਚਾਹੁੰਦੇ ਹਨ। ਇਸ ਲਈ ਹਰੇਕ ਵਿਦਿਆਰਥੀ ਨੂੰ ਇਨ੍ਹਾਂ ਮੁਲਕਾਂ ਦੀ ਧਰਤੀ `ਤੇ ਪੈਰ ਰੱਖਣ ਲਈ ਕਰਜੇ ਚੁਕ-ਚੁਕ ਕੇ 25 ਤੋਂ 30 ਲੱਖ ਰੁਪਏ ਦਾ ਜੁਗਾੜ ਕਰਨਾ ਪੈਦਾ ਹੈ, ਜਿਸ ਕਾਰਨ ਹਰ ਸਾਲ ਕੇਵਲ ਭਾਰਤੀ ਪੰਜਾਬ ਤੋਂ ਲੱਖਾਂ ਦੀ ਗਿਣਤੀ `ਚ ਵਿਦਿਆਰਥੀ ਆਪਣੇ ਮਾਂ-ਪਿਓ ਨੂੰ ਕਰਜ਼ੇ `ਚ ਡੋਬ ਕੇ ਕੈਨੇਡਾ `ਚ ਕਿਸੇ ਨਵੇਂ ਯੁੱਗ ਦੇ ਸੁਪਨੇ ਦੀ ਤਲਾਸ਼ `ਚ ਪੈਰ ਰੱਖ ਰਹੇ ਹਨ, ਜਿੱਥੇ ਪਹਿਲੇ ਦਿਨ ਤੋਂ ਹੀ ਉਸ ਨੂੰ ਕੰਡਿਆਂ ਦੀ ਸੇਜ ਤੋਂ ਲੰਘਣਾ ਪੈਂਦਾ ਹੈ। ਹਰ ਰੋਜ਼ ਡਾਲਰਾਂ ਵਿਚ ਖ਼ਰਚ ਕਰਨ ਤੋਂ ਪਹਿਲਾਂ ਰਿਹਾਇਸ਼ 'ਤੇ ਨੌਕਰੀ ਲੱਭਣ ਲਈ ਦਿਨ-ਰਾਤ ਪੈਦਲ ਹੀ ਸੜਕਾਂ ਦੀ ਖਾਕ ਛਾਨਣੀ ਪੈਂਦੀ ਹੈ, ਕਿਉਂਕਿ ਘਰੋਂ ਲਿਆਂਦੇ ਲੱਖ-ਦੋ ਲੱਖ ਦੇ ਡਾਲਰ ਚਾਰ ਪੰਜ ਦਿਨ ਅੰਦਰ ਹੀ ਕੈਨੇਡਾ ਦੀ ਮਹਿੰਗਾਈ `ਚ ਗੁਆਚ ਜਾਂਦੇ ਹਨ।
ਕਾਫ਼ੀ ਟੱਕਰਾਂ ਮਾਰਨ ਦੇ ਬਾਵਜੂਦ ਕੰਮ ਨਹੀਂ ਮਿਲਦਾ। ਜੇਕਰ ਮਿਲਦਾ ਵੀ ਹੈ ਤਾਂ ਸ਼ਹਿਰ ਤੋਂ ਬਹੁਤ ਦੂਰ-ਦੁਰਾਡੇ ਹੋਟਲਾਂ `ਚ ਭਾਂਡੇ ਮਾਂਜਣ, ਮੀਟ ਕੱਟਣ, ਸਫ਼ਾਈ ਕਰਨ, ਪੈਕਿੰਗ, ਇਕ ਥਾਂ ਤੋਂ ਦੂਜੀ ਜਗ੍ਹਾ ਸਾਮਾਨ ਢੋਹਣਾ, 10 ਘੰਟੇ ਦੀ ਸਖ਼ਤ ਮਿਹਨਤ ਅਤੇ ਮਜ਼ਦੂਰੀ ਕਰਨ ਦਾ। ਇਨ੍ਹਾਂ ਵਿਦਿਆਰਥੀਆਂ ਨੂੰ ਦੂਜੇ ਸਿੱਖਿਅਤ ਵਿਦਿਆਰਥੀਆਂ ਨਾਲੋਂ ਉਜ਼ਰਤ ਵੀ ਘੱਟ ਦਿੱਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਜਿਵੇਂ ਯੂ. ਪੀ. ਅਤੇ ਬਿਹਾਰ ਵਰਗੇ ਸੂਬਿਆਂ ਤੋਂ ਪ੍ਰਵਾਸੀ ਲੋਕ ਸਾਡੇ ਪੰਜਾਬ `ਚ ਆ ਕੇ ਹੋਟਲਾਂ, ਢਾਬਿਆਂ, ਘਰਾਂ ਅਤੇ ਖੇਤਾਂ `ਚ ਮਿਹਨਤ ਮਜ਼ਦੂਰੀ ਕਰਦੇ ਹਨ ਠੀਕ ਉਸੇ ਤਰ੍ਹਾਂ ਸਾਡੇ ਪੰਜਾਬੀ ਨੌਜਵਾਨ ਕੈਨੇਡਾ ਵਰਗੇ ਯੂਰਪੀ ਦੇਸ਼ਾ `ਚ ਜਾ ਕੇ ਹੋਟਲਾਂ-ਦੁਕਾਨਾਂ `ਤੇ ਕੰਮ ਕਰਦੇ ਹਨ। ਸਮਝ ਤੋਂ ਬਾਹਰ ਹੈ ਕਿ ਸਾਡੇ ਨੌਜਵਾਨ ਆਪਣੇ ਦੇਸ਼ `ਚ ਰਹਿ ਕੇ ਆਪਣੇ ਖੇਤਾਂ `ਚ ਮਿਹਨਤ ਕਰਕੇ ਸਰਦਾਰੀ ਵਾਲੀ ਜਿੰਦਗੀ ਜਿਉਣ ਤੋਂ ਕਿਉਂ ਭੱਜ ਰਹੇ ਹਨ।
ਇਹ ਵੀ ਪੜ੍ਹੋ- ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ, ਕੇਸਰੀ ਰੰਗ ਨੂੰ ਬਦਲਣ ਦੇ ਹੁਕਮ
ਸ਼ੁਰੂਆਤੀ ਦਿਨਾਂ `ਚ ਕਰਨਾ ਪੈਂਦਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ
ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਲੰਬਾ ਸਫਰ ਤੈਅ ਕਰਨ ਉਪਰੰਤ ਆਪਣੇ ਅਸਥਾਈ ਪੀ. ਜੀ. ਜਾਂ ਬੇਸਮੈਂਟ `ਚ ਜਾ ਕੇ ਛੋਟੀਆਂ-ਮੋਟੀਆਂ ਚੀਜ਼ਾਂ ਨਾਲ ਢਿੱਡ ਭਰਣ ਤੋਂ ਬਾਅਦ, ਬੱਸ-ਟਰੇਨ ਜਾਂ ਪੈਦਲ ਲੰਬਾ ਸਫ਼ਰ ਤੈਅ ਕਰਕੇ ਕੰਮ `ਤੇ ਪਹੁੰਚਣਾ ਪੈਂਦਾ ਹੈ ਅਤੇ ਫਿਰ ਲਗਾਤਾਰ ਮਸ਼ੀਨ ਵਾਂਗ 8 ਤੋਂ 10 ਘੰਟੇ ਕੰਮ ਕਰਨ ਉਪਰੰਤ ਭਾਰੀ ਥਕਾਵਟ ਦੇ ਨਾਲ ਕਮਰੇ `ਚ ਕੇਵਲ ਸੋਣ ਲਈ ਆਉਣਾ ਪੈਂਦਾ ਹੈ। ਸਿਰਫ਼ ਕੁਝ ਘੰਟੇ ਸੌਣ ਤੋਂ ਬਾਅਦ ਅਗਲੀ ਸਵੇਰੇ ਨੀਂਦਰੇ ਹਾਲਤ ਵਿਚ ਪੈਦਲ, ਬੱਸ ਜਾਂ ਟ੍ਰੇਨਾਂ ਰਾਹੀਂ ਕਾਲਜ ਪਹੁੰਚਣਾ ਪੈਂਦਾ ਹੈ। ਬੱਚਿਆਂ ਵਿਚ ਇਨ੍ਹਾਂ ਜ਼ਿਆਦਾ ਨੀਂਦਰਾ ਅਤੇ ਥਕਾਵਟ ਹੁੰਦੀ ਹੈ ਕਿ ਜ਼ਿਆਦਾਤਰ ਬੱਚੇ ਬੱਸਾਂ ਜਾਂ ਟ੍ਰੇਨਾਂ ਵਿਚ ਸੁੱਤੇ ਹੀ ਆਪਣੀ ਮੰਜਿਲ ਤੋਂ ਅੱਗੇ ਲੰਘ ਜਾਂਦੇ ਹਨ। ਕਈ ਵਿਚਾਰੇ ਕਾਲਜਾਂ ਦੀਆਂ ਕੁਰਸੀਆਂ, ਸੋਫ਼ਿਆਂ 'ਤੇ ਹੀ ਸੌਂ ਕੇ ਨੀਂਦ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਨੀਵਾਰ ਜਾਂ ਐਤਵਾਰ ਸਾਰਾ ਦਿਨ ਘਰ ਦਾ ਰਾਸ਼ਨ ਅਤੇ ਬੇਸਮੈਂਟ `ਚ ਪਏ ਗੰਦ ਨੂੰ ਸਮੇਟਣ 'ਤੇ ਲੱਗ ਜਾਂਦੇ ਹਨ। ਘਰ ਤੋਂ ਲਿਆਂਦੇ ਪੈਸੇ ਅਤੇ ਜੀ. ਐੱਸ. ਆਈ. ਨਾਲ ਘਰ ਦੀ ਰੋਟੀ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ। ਜੇਕਰ ਕਿਸੇ ਨੌਕਰੀ ਦਾ ਜੁਗਾੜ ਨਾ ਹੋਇਆ ਅਤੇ ਘਰਦਿਆਂ ਤੋਂ ਪੈਸੇ ਨਾ ਮਿਲਣ ਦੇ ਕੋਰੇ ਜਵਾਬ ਕਾਰਨ ਸੜਕਾਂ 'ਤੇ ਭੀਖ ਮੰਗਣ ਲਈ ਵੀ ਮਜ਼ਬੂਰ ਹੋਣਾ ਪੈਂਦਾ ਹੈ।
ਮਾਂ-ਪਿਓ ਦੀ ਬੁਢਾਪੇ ਅਵਸਥਾ `ਚ ਇੰਨੀ ਬੀਮਾਰੀ ਵੱਧ ਜਾਂਦੀ ਹੈ ਕਿਉਕਿ ਲਾਡਾਂ-ਚਾਵਾਂ ਨਾਲ ਪਾਲੇ ਆਪਣੇ ਧੀ-ਪੁੱਤ ਦੀ ਸ਼ਕਲ ਦੇਖਣ ਤੋਂ ਬਗੈਰ ਬਿਨਾਂ ਇਲਾਜ ਦੇ ਇਸ ਜਹਾਨ ਤੋਂ ਤੁਰ ਜਾਂਦੇ ਹਨ। ਵਿਦਿਆਰਥੀ ਬੱਚੇ ਨੂੰ ਸੂਚਨਾ ਮਿਲਣ 'ਤੇ ਘਰ ਵਾਪਸ ਜਾਣ ਲਈ ਪੈਸੇ ਦਾ ਜੁਗਾੜ, ਨੌਕਰੀ ਛੱਡ ਕੇ ਜਾਣ 'ਤੇ ਬੜੀ ਮੁਸ਼ਕਿਲ ਨਾਲ ਮਿਲੀ ਨੌਕਰੀ ਖ਼ੁਸਣ ਦਾ ਡਰ ਆਦਿ ਮਜ਼ਬੂਰੀਆਂ ਉਸ ਨੂੰ ਘਰ ਜਾ ਕੇ ਆਪਣੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ 'ਤੇ ਬੇੜੀਆਂ ਪਾ ਦਿੰਦੀਆਂ ਹਨ ਅਤੇ ਉਹ ਕੇਵਲ ਇਨ੍ਹਾਂ ਹੀ ਕਹਿੰਦਾ ਹੈ ਕਿ ਉਸ ਨੂੰ ਸਸਕਾਰ ਅਤੇ ਭੋਗ ਦੀ ਵੀਡੀਓ ਪਾ ਦਿਓ। ਕੈਨੇਡਾ ਦੀ ਬੇਸਮੈਂਟ `ਚ ਇੱਕਲਾ ਬੈਠ ਰੋ-ਰੋ ਕੇ ਮਾਂ-ਬਾਪ ਦੇ ਵਿਛੋੜੇ ਦੀ ਪੀੜ ਨੂੰ ਆਪਣੇ ਦਿਲ ਚ ਦਬਾ ਲੈਂਦਾ ਹੈ, ਜਿਸ ਵਿਦਿਆਰਥੀ ਦੇ ਪਿੱਛੇ ਮਾਂ-ਬਾਪ ਦਾ ਚੰਗਾ ਵਧੀਆ ਆਰਥਿਕ ਪਲੇਟਫਾਰਮ ਨਹੀਂ, ਉਸ ਨੂੰ ਆਪਣੇ ਪੈਰਾਂ `ਤੇ ਖੜ੍ਹੇ ਹੋਣ ਲਈ ਸੁਨਿਆਰ ਦੇ ਭੱਠੀ ’ਚ ਪਏ ਸੋਨੇ ਵਾਂਗ ਕਈ-ਕਈ ਸਾਲ ਸੜਨਾ ਪੈਂਦਾ ਹੈ।
ਕੈਨੇਡਾ ਗਏ ਵਿਦਿਆਰਥੀ ਕੰਮ ਨਾ ਮਿਲਣ ਕਾਰਨ ਹੋਣ ਲੱਗੇ ਭੁੱਖਮਰੀ ਦੇ ਸ਼ਿਕਾਰ
ਕੈਨੇਡਾ ਦੇ ਕੁਝ ਵਿਦਿਆਰਥੀਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਆਪਣੇ ਦਿਲਾਂ ਅੰਦਰ ਆਕਾਸ਼ 'ਚ ਉੱਡਣ ਦੇ ਸੁਫ਼ਨੇ ਸਜਾਈ ਬੈਠੇ ਬਹੁਤੇ ਪੰਜਾਬੀ ਕੈਨੇਡੀਅਨ ਵਿਦਿਆਰਥੀ ਅੱਜਕਲ੍ਹ ਕੈਨੇਡਾ ਵਿਚ ਨੌਕਰੀਆਂ ਨਾ ਮਿਲਣ ਕਾਰਨ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਏ ਹਨ। ਇਸ ਵੇਲੇ ਬਹੁਤੇ ਵਿਦਿਆਰਥੀਆਂ ਕੋਲ ਪੀ. ਜੀ. ਦਾ ਕਿਰਾਇਆ ਅਤੇ ਰੋਟੀ ਖਾਣ ਲਈ ਪੈਸੇ ਨਾ ਹੋਣ ਕਾਰਨ ਕੁਝ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਜਾਂ ਮੇਨ ਚੌਕਾਂ `ਚ "ਪਲੀਜ਼ ਹੈਲਪ ਮੀ" ਲਿਖੀਆਂ ਤਖ਼ਤੀਆਂ ਹੱਥਾਂ ਵਿਚ ਫੜ੍ਹੀ ਖੜ੍ਹੇ ਵੇਖਿਆ ਗਿਆ ਹੈ। ਇਨ੍ਹਾਂ ਪੈਦਾ ਹੋਏ ਮਾੜੇ ਹਾਲਾਤ ਵਿਚ ਕਈ ਲੜਕੀਆਂ ਨੂੰ ਦੋ ਡੰਗ ਦੀ ਰੋਟੀ ਅਤੇ ਪੀ. ਜੀ. ਦਾ ਕਿਰਾਇਆ ਕੱਢਣ ਲਈ ਮਜ਼ਬੂਰੀ ਬਸ ਆਪਣਾ ਸਰੀਰ ਵੇਚਣ ਵਰਗੇ ਗਲਤ ਕੰਮ ਕਰਨੇ ਪੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ `ਚ ਪੈਦਾ ਹੋਏ ਕਥਿਤ ਆਰਥਿਕ ਮੰਦਵਾੜੇ ਕਾਰਨ ਜਿਆਦਾਤਰ ਕੰਮਕਾਜ ਬੰਦ ਹੋ ਗਏ ਹੈ।
ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਪੁਲਸ ਨੇ ਪੂਰੇ ਸੂਬੇ 'ਚ ਲਾਈ ਇਹ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਾਜ ਸਭਾ 'ਚ ਗੂੰਜਿਆਂ ਪੰਜਾਬ ਦੇ ਹੜ੍ਹਾਂ ਦਾ ਮੁੱਦਾ, ਸਤਨਾਮ ਸਿੰਘ ਸੰਧੂ ਨੇ ਕੀਤੀ ਇਹ ਮੰਗ
NEXT STORY