ਫਾਜ਼ਿਲਕਾ (ਨਾਗਪਾਲ, ਲੀਲਾਧਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕੀਤੇ ਜਾਣ ਤੋਂ ਭੜਕੇ ਪੰਜਾਬੀਆਂ ਨੇ ਕਾਂਗਰਸ ਸਰਕਾਰ ਅਤੇ ਇਸ ਦੇ ਹੰਕਾਰੀ ਰਾਜੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ । ਇੱਥੇ ਭਰਵੇਂ ਇਕੱਠ ਵਾਲੀ ਪਾਰਟੀ ਦੀ ਪਹਿਲੀ 'ਪੋਲ ਖੋਲ੍ਹ' ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਅੱਜ ਪੰਜਾਬੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਸਰਕਾਰ ਹੁਣ ਹੋਰ ਨਹੀਂ ਚਾਹੀਦੀ । ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ ਹੈ, ਇਸ ਸਰਕਾਰ ਨੇ ਤਾਂ ਆਟਾ-ਦਾਲ ਸਕੀਮ ਬੰਦ ਕਰਕੇ ਗਰੀਬਾਂ ਨੂੰ ਦਿੱਤਾ ਜਾ ਰਿਹਾ ਅਨਾਜ ਵੀ ਖੋਹ ਲਿਆ ਹੈ। ਇਸ ਤੋਂ ਇਲਾਵਾ ਗਰੀਬਾਂ ਵਾਸਤੇ ਦੂਜੀਆਂ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇ ਦਲਿਤ ਵਿਦਿਆਰਥੀਆਂ ਲਈ ਵਜ਼ੀਫਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਸਰਕਾਰ ਗਰੀਬਾਂ ਦੀ ਦੁਸ਼ਮਣ ਹੈ ।
ਕੈਪਟਨ ਅਮਰਿੰਦਰ ਸਿੰਘ ਉਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਉਨ੍ਹਾਂ ਦੇ ਸਹਿਕਾਰੀ ਅਤੇ ਰਾਸ਼ਟਰੀ ਬੈਂਕਾਂ ਤੋਂ ਇਲਾਵਾ ਆੜ੍ਹਤੀਆਂ ਤੋਂ ਲਏ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਬੇਵਕੂਫ ਬਣਾਉਣ ਵਾਸਤੇ ਸਾਬਕਾ ਪ੍ਰਦੇਸ਼ ਕਾਂਗਰਸ ਮੁਖੀ ਜ਼ਿੰਮੇਵਾਰ ਹੈ । ਸਿਰਫ ਇਹੀ ਨਹੀਂ, ਕੈਪਟਨ ਅਮਰਿੰਦਰ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਹੁਣ ਇਹ ਵਾਅਦਾ ਵੀ ਭੁੱਲ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਅਜਿਹੇ ਮੁੱਖ ਮੰਤਰੀ ਤੋਂ ਇਹੋ ਉਮੀਦ ਰੱਖੀ ਜਾ ਸਕਦੀ ਹੈ, ਜਿਹੜਾ ਪਿਛਲੇ ਇੱਕ ਸਾਲ ਤੋਂ ਨਾ ਤਾਂ ਆਪਣੇ ਦਫਤਰ ਗਿਆ ਹੈ ਅਤੇ ਨਾ ਹੀ ਲੋਕਾਂ ਦੇ ਮੱਥੇ ਲੱਗਣ ਤੋਂ ਡਰਦਾ ਕਿਸੇ ਪਿੰਡ ਗਿਆ ਹੈ । ਸੁਖਬੀਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਲੋਕਾਂ ਖ਼ਿਲਾਫ ਸਿਰਫ ਇਸ ਲਈ ਝੂਠੇ ਕੇਸ ਦਰਜ ਕਰਵਾ ਰਿਹਾ ਹੈ, ਕਿਉਂਕਿ ਉਹ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕਰਨ ਦੀ ਥਾਂ ਜਾਖੜ ਨੂੰ ਲੋਕਾਂ ਵਿਚ ਆਪਣੀ ਹਰਮਨਪਿਆਰਤਾ ਪਰਖਣ ਲਈ ਆ ਰਹੀਆਂ ਸੰਸਦੀ ਚੋਣਾਂ ਦੌਰਾਨ ਫਿਰੋਜ਼ਪੁਰ ਹਲਕੇ ਤੋਂ ਚੋਣ ਲੜਨੀ ਚਾਹੀਦੀ ਹੈ । ਸੂਬੇ ਅੰਦਰ ਲਾਏ ਗਏ 'ਗੁੰਡਾ ਟੈਕਸ' ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ ਬਠਿੰਡਾ ਰਿਫਾਈਨਰੀ ਤਕ ਸੀਮਤ ਨਹੀਂ ਹੈ, ਸਗੋਂ ਪੂਰੇ ਸੂਬੇ ਅੰਦਰ ਸ਼ਰਾਬ, ਰੇਤ ਅਤੇ ਹੋਰ ਕਾਰੋਬਾਰਾਂ 'ਤੇ ਵੀ ਲਾਇਆ ਜਾ ਰਿਹਾ ਹੈ ।
ਟਰੈਕਟਰ-ਟਰਾਲੀਆਂ 'ਤੇ ਪਹੁੰਚੇ ਲੋਕ
ਪਹਿਲੀ ਪੋਲ-ਖੋਲ੍ਹ ਰੈਲੀ 'ਚ ਆਪ ਮੁਹਾਰੇ ਪਹੁੰਚੇ ਲੋਕਾਂ ਦੇ ਇਕੱਠ ਨੇ ਕਾਂਗਰਸ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਦੀ ਦਸਤਕ ਦੇ ਦਿੱਤੀ ਹੈ। ਰੈਲੀ ਵਿਚ ਲੋਕ ਟਰੈਕਟਰ-ਟਰਾਲੀਆਂ ਰਾਹੀਂ ਵਹੀਰਾਂ ਘੱਤ ਕੇ ਪਹੁੰਚੇ। ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਅਤੇ ਟੈਂਟਾਂ ਦੇ ਨੇੜੇ ਟਰੈਕਟਰ ਹੀ ਚਾਰੇ ਪਾਸੇ ਖੜ੍ਹੇ ਦਿਖਾਈ ਦੇ ਰਹੇ ਸਨ। ਅਕਾਲੀ ਦਲ ਦੇ ਝੰਡੇ ਚੁੱਕ ਕੇ ਲੋਕ ਪੂਰੇ ਜੋਸ਼ ਵਿਚ ਰੈਲੀ ਵਿਚ ਆ ਰਹੇ ਸਨ। ਪਹਿਲੀ ਰੈਲੀ ਵਿਚ ਹੋਏ ਇਕੱਠ ਨੇ ਸਰਕਾਰ ਨੂੰ ਫਿਕਰਾਂ 'ਚ ਪਾ ਕੇ ਰੱਖ ਦਿੱਤਾ ਹੈ। ਰੈਲੀ ਵਿਚ ਹੋਏ ਇਕੱਠ ਨੂੰ ਵੇਖ ਕੇ ਗਦ-ਗਦ ਹੋਏ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਨੇ ਕਿਹਾ ਕਿ ਲੱਗਦਾ ਹੈ ਕਿ ਲੋਕ ਸਰਕਾਰ ਦੇ ਪਹਿਲੇ ਸਾਲ 'ਚ ਹੀ ਅੱਕ ਗਏ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੀ ਆਪਣੀ ਗਲਤੀ ਦਾ ਉਨ੍ਹਾਂ ਨੂੰ ਅਹਿਸਾਸ ਹੋ ਰਿਹਾ ਹੈ।
ਜਲੰਧਰ, ਲੁਧਿਆਣਾ, ਫਾਜ਼ਿਲਕਾ ਅਤੇ ਬਠਿੰਡਾ ਰੂਟ 'ਤੇ ਸਰਪਟ ਦੌੜਨਗੀਆਂ ਬਿਜਲੀ ਦੀਆਂ ਟਰੇਨਾਂ
NEXT STORY