ਚੰਡੀਗੜ੍ਹ (ਇੰਟ.) - ਸੰਜੇ ਲੀਲਾ ਭੰਸਾਲੀ ਦੀ ਚਰਚਿਤ ਫਿਲਮ 'ਪਦਮਾਵਤ' ਅੱਜ ਅੱਗ ਅਤੇ ਗੁੰਡਾਗਰਦੀ ਦੀ ਭੇਂਟ ਚੜ੍ਹ ਗਈ। ਫਿਲਮ ਨੂੰ ਲੈ ਕੇ ਵਿਰੋਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੇਸ਼ ਵਿਚ ਇਸ ਫਿਲਮ ਖਿਲਾਫ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਇਸ ਨੂੰ ਲੈ ਕੇ ਰਾਜਸਥਾਨ ਦੇ ਆਰ. ਐੱਸ. ਐੱਸ. ਮੁਖੀ ਭਗਵਤੀ ਪ੍ਰਸਾਦ ਨੇ ਕਿਹਾ ਕਿ ਆਰ. ਐੱਸ.ਐੱਸ. ਵੀ ਫਿਲਮ 'ਪਦਮਾਵਤ' ਦਾ ਵਿਰੋਧ ਕਰਦਾ ਹੈ। ਪ੍ਰਦਰਸ਼ਨਕਾਰੀਆਂ ਨੇ ਗੁਰੂਗ੍ਰਾਮ ਦੇ ਵਜ਼ੀਰਪੁਰ-ਪਟੌਦੀ ਰੋਡ 'ਤੇ ਅਗਜ਼ਨੀ ਕੀਤੀ ਅਤੇ ਗੁੰਡਾਗਰਦੀ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਨੂੰ ਅੱਗ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਦਿੱਲੀ-ਜੈਪੁਰ ਹਾਈਵੇ ਨੂੰ ਜਾਮ ਕਰ ਦਿੱਤਾ। ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿਚ ਵੀ ਕਰਣੀ ਸੈਨਾ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸੰਜੇ ਲੀਲਾ ਭੰਸਾਲੀ ਦਾ ਪੁਤਲਾ ਫੂਕਿਆ। ਵਿਵਾਦ ਨੂੰ ਲੈ ਕੇ ਲਗਭਗ 75 ਫੀਸਦੀ ਮਲਟੀਪਲੈਕਸ ਮਾਲਕਾਂ ਦੀ ਅਗਵਾਈ ਕਰਨ ਵਾਲੀ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਦੀਪਕ ਅਸ਼ਰ ਨੇ ਦੱਸਿਆ ਕਿ ਅਸੀਂ 4 ਸੂਬਿਆਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਗੋਆ ਵਿਚ ਫਿਲਮ ਨਹੀਂ ਚਲਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਸਥਾਨਕ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਹੈ ਕਿ ਕਾਨੂੰਨ ਵਿਵਸਥਾ ਦੇ ਹਾਲਾਤ ਚੰਗੇ ਨਹੀਂ ਹਨ। ਇਸ ਦੌਰਾਨ ਕਰਣੀ ਸੈਨਾ ਨੇ ਫਿਰ ਚਿਤਾਵਨੀ ਦਿੱਤੀ ਹੈ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਵੇਗੀ। ਓਧਰ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਲੋਕੇਂਦਰ ਸਿੰਘ ਕਾਲਵੀ ਮੀਡੀਆ ਸਾਹਮਣੇ ਆਏ। ਕਾਲਵੀ ਨੇ ਮੰਨਿਆ ਕਿ ਫਿਲਮ ਦਾ ਹਿੰਸਕ ਵਿਰੋਧ ਕਰ ਰਹੇ ਲੋਕ ਕਰਣੀ ਸੈਨਾ ਦੇ ਮੈਂਬਰ ਹਨ। ਇਸ ਦੌਰਾਨ ਅਹਿਮਦਾਬਾਦ ਵਿਚ 44 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੁੰਬਈ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਅੱਜ ਤੱਕ ਕਰਣੀ ਸੈਨਾ ਦੇ ਲਗਭਗ 50 ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੰਗਲਵਾਰ ਨੂੰ ਅਹਿਮਦਾਬਾਦ ਦੇ ਕਈ ਮਾਲਜ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਗਜ਼ਨੀ ਅਤੇ ਭੰਨਤੋੜ ਕੀਤੀ ਗਈ। ਭੰਨਤੋੜ ਮਾਮਲੇ ਵਿਚ ਪੁਲਸ ਨੇ 4 ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਅਹਿਮਦਾਬਾਦ ਵਿਚ ਹਾਈ ਅਲਰਟ ਹੈ ਅਤੇ ਪੁਲਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ।
ਗੁਜਰਾਤ ਦੇ ਸਿਨੇਮਾਘਰ ਮਾਲਕਾਂ ਨੇ ਅੱਜ ਕਿਹਾ ਕਿ ਵਿਵਾਦ ਸੁਲਝਾਉਣ ਤੱਕ ਸੂਬੇ ਦੇ ਕਿਸੇ ਵੀ ਮਲਟੀਪਲੈਕਸ ਜਾਂ ਸਿੰਗਲ ਸਕ੍ਰੀਨ ਸਿਨੇਮਾਘਰ ਵਿਚ ਇਸ ਫਿਲਮ ਨੂੰ ਨਹੀਂ ਦਿਖਾਇਆ ਜਾਵੇਗਾ। ਉਥੇ ਹੀ ਸੁਪਰੀਮ ਕੋਰਟ ਨੇ 'ਪਦਮਾਵਤ' ਦੇ ਕੁਝ ਦ੍ਰਿਸ਼ ਹਟਾਉਣ ਦੇ ਹੁਕਮ ਦੇਣ ਸਬੰਧੀ ਇਕ ਪਟੀਸ਼ਨ ਦੀ ਸੁਣਵਾਈ ਤੋਂ ਅੱਜ ਇਨਕਾਰ ਕਰ ਦਿੱਤਾ।
ਰੋਹਤਕ 'ਚ ਹੰਗਾਮਾ, ਗੁਰੂਗ੍ਰਾਮ 'ਚ ਧਾਰਾ 144 ਲਾਗੂ : ਹਰਿਆਣਾ ਦੇ ਯਮੁਨਾਨਗਰ 'ਚ ਹੰਗਾਮੇ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਇਥੇ ਇਕ ਸਿਨੇਮਾ ਹਾਲ ਦੇ ਬਾਹਰ ਕਰਣੀ ਸੈਨਾ ਦੇ ਕਥਿਤ ਮੈਂਬਰਾਂ ਨੇ ਹੰਗਾਮਾ ਕੀਤਾ। ਅਜਿਹੇ ਵਿਚ ਰੋਹਤਕ ਅਤੇ ਹੋਰ ਇਲਾਕਿਆਂ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉਥੇ ਹੀ ਗੁਰੂਗ੍ਰਾਮ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਐਤਵਾਰ ਤੱਕ ਧਾਰਾ 144 ਲਾਈ ਗਈ ਹੈ। ਇਧਰ ਯੂ. ਪੀ. ਦੇ ਮਥੁਰਾ ਵਿਚ 'ਪਦਮਾਵਤ' ਦੇ ਖਿਲਾਫ ਪ੍ਰਦਰਸ਼ਨਕਾਰੀਆਂ ਨੇ ਟਰੇਨ ਰੋਕੀ। ਮੇਰਠ ਦੇ ਪੀ. ਵੀ. ਐੱਸ. ਮਾਲ ਵਿਚ ਪਥਰਾਅ ਕੀਤਾ ਗਿਆ। ਮਾਲਜ਼ ਵਿਚ ਪੁਲਸ ਤਾਇਨਾਤ ਕਰ ਦਿੱਤੀ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੇਜਰੀਵਾਲ ਨੇ ਕੇਂਦਰ 'ਤੇ ਵਿੰਨ੍ਹਿਆ ਨਿਸ਼ਾਨਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਪਦਮਾਵਤ' ਦੇ ਬਹਾਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਜੇ ਸਭ ਸੂਬਾਈ ਸਰਕਾਰਾਂ, ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਮਿਲ ਕੇ ਇਕ ਫਿਲਮ ਨੂੰ ਰਿਲੀਜ਼ ਨਹੀਂ ਕਰਵਾ ਸਕਦੇ ਅਤੇ ਉਸ ਦਾ ਪ੍ਰਦਰਸ਼ਨ ਨਹੀਂ ਹੋ ਰਿਹਾ ਤਾਂ ਦੇਸ਼ ਵਿਚ ਨਿਵੇਸ਼ ਕਿਵੇਂ ਆਏਗਾ? ਸਥਾਨਕ ਨਿਵੇਸ਼ਕ ਵੀ ਨਿਵੇਸ਼ ਕਰਨ ਤੋਂ ਘਬਰਾਏਗਾ। ਖਰਾਬ ਹੋ ਰਹੀ ਅਰਥਵਿਵਸਥਾ ਲਈ ਇਹ ਠੀਕ ਨਹੀਂ ਹੈ।
ਕਾਂਗਰਸ ਇਜਲਾਸ ਤੋਂ ਬਾਅਦ ਹੋ ਸਕਦੈ ਰਾਹੁਲ ਟੀਮ ਦਾ ਐਲਾਨ
NEXT STORY