ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ 'ਚ ਇਕ ਸਮਾਗਮ 'ਤੇ ਹੋਈ ਜਾਤੀਵਾਦੀ ਹਿੰਸਾ 'ਚ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਤੇ ਭਾਜਪਾ ਦਾ ਕਥਿਤ ਹੱਥ ਹੋਣ 'ਤੇ ਪੱਥਰਬਾਜ਼ੀ ਦੇ ਵਿਰੋਧ 'ਚ ਅੱਜ ਪੇਂਡੂ ਮਜ਼ਦੂਰ ਯੂਨੀਅਨ ਨੇ ਪ੍ਰਦਰਸ਼ਨ ਕਰ ਕੇ ਆਰ.ਐੱਸ.ਐੱਸ. ਤੇ ਭਾਜਪਾ ਦਾ ਪੁਤਲਾ ਫੂਕਿਆ।
ਇਸ ਤੋਂ ਪਹਿਲਾਂ ਪੁਰਾਣੀ ਕਚਹਿਰੀ ਰੋਡ 'ਤੇ ਸਥਿਤ ਪਾਰਟੀ ਦਫਤਰ 'ਚ ਵਰਕਰਾਂ ਦਾ ਇਕੱਠ ਕੀਤਾ ਗਿਆ। ਇਸ ਮੌਕੇ ਯੂਨੀਅਨ ਪ੍ਰਧਾਨ ਕਮਲਜੀਤ ਸਨਾਵਾ ਤੇ ਹਰੀਰਾਮ ਨੇ ਕਿਹਾ ਕਿ ਮਹਾਰਾਸ਼ਟਰ 'ਚ ਦਲਿਤ ਭਾਈਚਾਰੇ ਵੱਲੋਂ ਦਹਾਕਿਆਂ ਤੋਂ 'ਵਿਜੇ ਦਿਵਸ' ਮਨਾਇਆ ਜਾ ਰਿਹਾ ਹੈ ਪਰ ਬੀਤੇ ਦਿਨ ਆਰ.ਐੱਸ.ਐੱਸ. ਤੇ ਭਾਜਪਾ ਦੇ ਕੁਝ ਨੁਮਾਇੰਦਿਆਂ ਨੇ ਕਥਿਤ ਤੌਰ 'ਤੇ ਸਾਜ਼ਿਸ਼ ਰਚ ਕੇ ਦਲਿਤ ਭਾਈਚਾਰੇ ਦੇ ਇਕੱਠ 'ਤੇ ਪੱਥਰ ਮਾਰ ਕੇ ਕਈ ਦਲਿਤਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਦਲਿਤ ਆਗੂਆਂ ਖਿਲਾਫ ਅਪਰਾਧਿਕ ਮਾਮਲੇ ਵੀ ਦਰਜ ਕਰਵਾ ਦਿੱਤੇ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਮਹਾਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਕਿ ਦਲਿਤ ਆਗੂਆਂ 'ਤੇ ਦਰਜ ਝੂਠੇ ਮਾਮਲਿਆਂ ਨੂੰ ਰੱਦ ਕੀਤਾ ਜਾਵੇ ਤੇ ਜਾਤੀ ਹਿੰਸਾ ਲਈ ਜ਼ਿੰਮੇਵਾਰ ਆਰ.ਐੱਸ. ਐੱਸ. ਤੇ ਭਾਜਪਾ ਦੇ ਵਰਕਰਾਂ ਨੂੰ ਫੌਰੀ ਤੌਰ 'ਤੇ ਗ੍ਰਿਫਤਾਰ ਕੀਤਾ ਜਾਵੇ। ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਚੰਡੀਗੜ੍ਹ ਚੌਕ 'ਤੇ ਰੋਸ ਮਾਰਚ ਕਰਨ ਉਪਰੰਤ ਆਰ.ਐੱਸ.ਐੱਸ. ਤੇ ਭਾਜਪਾ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੇਸਰਾਜ, ਸਤਨਾਮ ਸਿੰਘ ਕੋਟ ਰਾਂਝਾ, ਪ੍ਰੇਮ ਸਿੰਘ ਬਘੌਰਾ, ਪ੍ਰੇਮ ਸਿੰਘ ਸਹਾਬਪੁਰ, ਸੰਦੇਸ਼ ਰਾਜ ਮੂਸਾਪੁਰ ਤੇ ਚਰਨ ਦਾਸ ਹਾਜ਼ਰ ਸਨ।
ਪੁਲਸ ਕਾਂਸਟੇਬਲ ਦੇ ਘਰੋਂ 1 ਲੱਖ ਰੁਪਏ ਚੋਰੀ
NEXT STORY