ਜੈਤੋ (ਜਗਤਾਰ, ਧਵਨ) - ਬੇਅਦਬੀ ਕਾਂਡ ਦੇ ਖਿਲਾਫ ਅੰਦੋਲਨ ਦਾ ਅਖਾੜਾ ਬਣੇ ਬਰਗਾੜੀ ਪਿੰਡ ਦਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵਲੋਂ 15 ਮਈ ਨੂੰ ਦੌਰਾ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਰੀਦਕੋਟ ਲੋਕ ਸਭਾ ਖੇਤਰ 'ਚ ਪੈਂਦੇ ਬਰਗਾੜੀ 'ਚ ਕਾਂਗਰਸ ਵਲੋਂ ਰੈਲੀ ਰੱਖ ਦਿੱਤੀ ਗਈ ਹੈ, ਜਿਸ 'ਚ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਹੁਲ ਗਾਂਧੀ ਉਸੇ ਦਿਨ ਦੁਪਹਿਰ 1 ਵਜੇ ਲੁਧਿਆਣਾ 'ਚ ਹੋਣ ਵਾਲੀ ਕਾਂਗਰਸ ਦੀ ਰੈਲੀ 'ਚ ਹਿੱਸਾ ਵੀ ਲੈਣਗੇ। ਜ਼ਿਕਰਯੋਗ ਹੈ ਕਿ ਬਰਗਾੜੀ 'ਚ ਹੀ ਸਾਬਕਾ ਸਰਕਾਰ ਦੇ ਸਮੇਂ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਵਲੋਂ ਫਾਇਰਿੰਗ ਕਰ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ 13 ਤੋਂ 15 ਮਈ 3 ਦਿਨ ਲਗਾਤਾਰ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਲੋਂ ਪੰਜਾਬ ਦਾ ਦੌਰਾ ਕਰਨ ਜਾ ਰਹੇ ਹਨ।
13 ਮਈ ਨੂੰ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਸਵੇਰੇ 11 ਵਜੇ ਖੰਨਾ 'ਚ ਅਤੇ ਦੁਪਹਿਰ 1 ਵਜੇ ਹੁਸ਼ਿਆਰਪੁਰ 'ਚ ਕਾਂਗਰਸ ਦੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ। ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਇਸ ਤੋਂ ਪਹਿਲਾਂ ਕਈ ਵਾਰ ਬਰਗਾੜੀ 'ਚ ਰੈਲੀ ਕਰਨ ਦੀ ਤਿਆਰੀ ਕਰ ਚੁੱਕੀ ਹੈ। ਸੂਬਾਈ ਲੀਡਰਸ਼ਿਪ ਦੀ ਇੱਛਾ ਸੀ ਕਿ ਬਰਗਾੜੀ ਰੈਲੀ 'ਚ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸ਼ਾਮਲ ਹੋਣ, ਇਸੇ ਲਈ ਬਾਕੀ ਰਾਜਾਂ 'ਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਵਿਹਲੇ ਹੋ ਜਾਣ 'ਤੇ ਰਾਹੁਲ ਗਾਂਧੀ ਵਲੋਂ ਸੂਬਾਈ ਲੀਡਰਸ਼ਿਪ ਨੂੰ ਹਰੀ ਝੰਡੀ ਮਿਲ ਗਈ ਹੈ।
ਸੰਨੀ ਦਿਓਲ ਦੀ ਗੱਡੀ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇ (ਵੀਡੀਓ)
NEXT STORY