ਲੁਧਿਆਣਾ(ਸਲੂਜਾ)-ਦੇਰ ਰਾਤ ਤੋਂ ਲੈ ਕੇ ਅੱਜ ਸ਼ਾਮ ਤੱਕ 3.4 ਮਿਲੀਮੀਟਰ ਬਾਰਿਸ਼ ਨਾਲ ਹੀ ਸਮੋਗ ਦਾ ਕਹਿਰ ਖਤਮ ਹੁੰਦੇ ਹੀ ਲੋਕਾਂ ਨੇ ਸੁਖ ਦਾ ਸਾਹ ਲਿਆ। ਇਥੇ ਦੱਸ ਦੇਈਏ ਕਿ ਬੀਤੇ ਕੱਲ ਸਮੋਗ ਦੇ ਕਹਿਰ ਨਾਲ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਗਿਆ ਸੀ। ਸਥਾਨਕ ਨਗਰੀ 'ਚ ਤਾਂ ਦਿਨ ਦੇ ਸਮੇਂ ਬਲੈਕ ਆਊਟ ਹੋ ਗਿਆ ਅਤੇ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਸੂਰਜ ਦੇਵਤਾ ਦੀ ਇਕ ਝਲਕ ਪਾਉਣ ਲਈ ਤਰਸਦੇ ਰਹੇ ਪਰ ਸੂਰਜ ਬੱਦਲਾਂ 'ਚ ਅਲੋਪ ਰਿਹਾ।
ਕਿੱਥੇ ਰਿਹਾ ਤਾਪਮਾਨ ਦਾ ਪਾਰਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਆਦਾਤਰ ਤਾਪਾਮਾਨ ਦਾ ਪਾਰਾ 17 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 15.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 79 ਫੀਸਦੀ ਅਤੇ ਸ਼ਾਮ ਨੂੰ 98 ਫੀਸਦੀ ਰਹੀ, ਜਦਕਿ ਦਿਨ ਦੀ ਲੰਬਾਈ 10 ਘੰਟੇ 36 ਮਿੰਟ ਰਹੀ।
ਅਗਲੇ ਸਾਲ ਤੱਕ ਪਰਾਲੀ ਨੂੰ ਸਾੜਨ ਦਾ ਰੁਝਾਨ ਹੋਵੇਗਾ ਘੱਟ
ਜ਼ਿਲਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਤੱਕ ਕਿਸਾਨਾਂ ਵਲੋਂ ਪਰਾਲੀ ਨੂੰ ਸਾੜਨ ਦਾ ਰੁਝਾਨ ਘੱਟ ਹੋਵੇਗਾ। ਇਸ ਦੀ ਵਜ੍ਹਾ ਇਹ ਹੈ ਕਿ ਇਸ ਵਾਰ ਖੇਤੀਬਾੜੀ ਵਿਭਾਗ ਵਲੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਗਿਆ ਕਿ ਬਿਨਾਂ ਪਰਾਲੀ ਸਾੜੇ ਹੀ ਕਣਕ ਦੀ ਫਸਲ ਦੀ ਬਿਜਾਈ ਕਰਨ। ਇਸ ਤਰ੍ਹਾਂ ਦੇ ਤਜਰਬੇ ਜ਼ਿਲਾ ਲੁਧਿਆਣਾ ਦੇ ਅਧੀਨ ਪੈਂਦੇ ਅਲੱਗ-ਅਲੱਗ ਪਿੰਡਾਂ ਵਿਚ ਕੀਤੇ ਗਏ ਹਨ। ਜਦ ਇਨ੍ਹਾਂ ਦੇ ਬਿਹਤਰ ਨਤੀਜੇ ਸਾਹਮਣੇ ਆਉਣਗੇ ਤਾਂ ਕਿਸਾਨ ਕਣਕ ਦੀ ਬਿਜਾਈ ਖੜ੍ਹੀ ਪਰਾਲੀ 'ਚ ਕਰਨ 'ਚ ਦਿਲਚਸਪੀ ਦਿਖਾਉਣਗੇ।
ਬੀਮਾਰੀਆਂ ਤੋਂ ਵੀ ਮਿਲੇਗੀ ਮੁਕਤੀ
ਦੁਰਗਾਪੁਰੀ ਹੈਬੋਵਾਲ ਦੇ ਡਾਕਟਰ ਅਜੇ ਮੋਹਨ ਸ਼ਰਮਾ ਨੇ ਦੱਸਿਆ ਕਿ ਬਾਰਿਸ਼ ਨਾਲ ਪ੍ਰਦੂਸ਼ਿਤ ਵਾਤਾਵਰਣ ਤੋਂ ਰਾਹਤ ਮਿਲੇਗੀ ਹੀ, ਇਸਦੇ ਨਾਲ ਹੀ ਖਾਂਸੀ ਅਤੇ ਦਮੇ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਮਿਲੇਗੀ। ਇਸ ਸਮੇਂ ਜੋ ਮੌਸਮ ਦਾ ਮਿਜ਼ਾਜ ਬਣ ਗਿਆ ਹੈ, ਉਹ ਮਨੁੱਖ ਜਾਤੀ ਦੇ ਲਈ ਹੈਲਦੀ ਸਾਬਿਤ ਹੋ ਸਕਦਾ ਹੈ।
24 ਘੰਟਿਆਂ 'ਚ ਕੀ ਰਹੇਗਾ ਤਾਪਮਾਨ
ਪੀ. ਏ. ਯੂ. ਦੇ ਮੌਸਮ ਵਿਗਿਆਨਿਕ ਡਾ. ਕੇ. ਕੇ. ਗਿੱਲ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ 'ਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਕਿਸਾਨਾਂ ਦਾ ਖੰਡ ਮਿੱਲਾਂ ਵੱਲ 71 ਕਰੋੜ ਦਾ ਬਕਾਇਆ ਦੇਵੇ ਸਰਕਾਰ : ਬੈਂਸ
NEXT STORY