ਮਾਨਸਾ(ਜੱਸਲ)-ਅੱਜ ਦੁਪਹਿਰ ਤੋਂ ਬਾਅਦ ਮੌਸਮ ਦੇ ਅਚਾਨਕ ਕਰਵਟ ਲੈਣ 'ਤੇ ਤੇਜ਼ ਹਨੇਰੀ ਨਾਲ ਇਕਦਮ ਇਕ ਘੰਟਾ ਲਗਾਤਾਰ ਬਾਰਿਸ਼ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਸਮਾਂ ਰਾਹਤ ਮਿਲੀ, ਉਥੇ ਹੀ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀਆਂ ਭਰੀਆਂ ਰੌਣਕਾਂ ਪਰਤ ਆਈਆਂ ਹਨ ਕਿਉਂਕਿ ਸਿੰਚਾਈ ਸਾਧਨਾਂ ਦੀ ਘਾਟ ਅਤੇ ਤੇਜ਼ ਗਰਮੀ ਕਾਰਨ ਉਨ੍ਹਾਂ ਵੱਲੋਂ ਬੀਜੀ ਨਰਮੇ ਦੀ ਫਸਲ ਨੂੰ ਇਸ ਬਾਰਿਸ਼ ਨਾਲ ਚੌਖਾ ਲਾਭ ਹੋਵੇਗਾ। ਇਸ ਬਾਰਿਸ਼ ਨਾਲ ਕਿਸਾਨਾਂ ਵੱਲੋਂ ਬੀਜੀਆਂ ਸਬਜ਼ੀਆਂ ਦੀ ਫਸਲ ਤਾਂ ਥੋੜ੍ਹੀ ਬਹੁਤ ਪ੍ਰਭਾਵਿਤ ਹੋ ਸਕਦੀ ਹੈ ਪਰ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਰਵਾਇਤੀ ਝੋਨੇ ਦੀ ਫਸਲ ਬੀਜਣ ਲਈ ਕਿਸਾਨ ਪੂਰੀ ਤਿਆਰੀ 'ਚ ਜੁਟਿਆ ਹੋਇਆ ਹੈ ਕਿਉਂਕਿ ਝੋਨੇ ਦੀ ਪਨੀਰੀ ਲੱਗਭਗ ਤਿਆਰ ਹੈ। ਕੁਦਰਤ ਇਸੇ ਤਰ੍ਹਾਂ ਮਿਹਰਬਾਨ ਰਹੇ ਕਿਉਂਕਿ ਹੁਣ ਕਿਸਾਨਾਂ ਨੂੰ ਝੋਨੇ ਦੀ ਫਸਲ ਬੀਜਣ ਲਈ ਬਾਰਿਸ਼ ਦੀ ਜ਼ਿਆਦਾ ਲੋੜ ਹੈ। ਇਸ ਵੇਲੇ ਨਹਿਰੀ ਪਾਣੀ ਦੀ ਕਿੱਲਤ ਤੇ ਬਿਜਲੀ ਪ੍ਰਬੰਧਾਂ ਦੀ ਘਾਟ ਕਾਰਨ ਫਸਲਾਂ ਨੂੰ ਪਾਣੀ ਦੇਣ 'ਚ ਦਿੱਕਤ ਆ ਰਹੀ ਸੀ। ਭਾਵੇਂ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ 20 ਜੂਨ ਤੋਂ ਝੋਨੇ ਦੀ ਫਸਲ ਲਾਉਣ ਦੀ ਸਲਾਹ ਦਿੱਤੀ ਹੈ ਪਰ ਕਿਸਾਨ 10 ਜੂਨ ਤੋਂ ਹੀ ਝੋਨੇ ਦੀ ਫਸਲ ਬੀਜਣ ਲਈ ਬਜ਼ਿੱਦ ਹਨ। ਕੁਝ ਥਾਵਾਂ 'ਤੇ ਤੇਜ਼ ਹਨੇਰੀ ਅਤੇ ਮੀਂਹ ਨਾਲ ਫਸਲਾਂ ਵਿਛ ਗਈਆਂ।
ਮਾਨਸਾ ਸ਼ਹਿਰ ਦਾ ਹਾਲ-ਬੇਹਾਲ
ਮਾਨਸਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ 'ਚ ਅਚਾਨਕ ਪਈ ਬਾਰਿਸ਼ ਨਾਲ ਨਗਰ ਕੌਂਸਲ ਮਾਨਸਾ ਦੇ ਸੀਵਰੇਜ ਪ੍ਰਬੰਧਾਂ ਦੀ ਉਸ ਸਮੇਂ ਪੋਲ ਖੁੱਲ੍ਹ ਗਈ, ਜਦੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਗਲੀਆਂ ਬਾਰਿਸ਼ ਦੇ ਪਾਣੀ ਨਾਲ ਜਲ-ਥਲ ਹੋ ਗਈਆਂ। ਕਈ ਥਾਵਾਂ 'ਤੇ ਰਾਹਗੀਰਾਂ ਦੇ ਲੰਘਣ ਲਈ ਜਗ੍ਹਾ ਵੀ ਨਹੀਂ ਬਚੀ। ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ, ਸਿਨੇਮਾ ਰੋਡ, ਹਸਪਤਾਲ ਰੋਡ, ਗਊਸ਼ਾਲਾ ਰੋਡ, ਅੰਡਰ ਬ੍ਰਿਜ ਨੂੰ ਜਾਂਦੀ ਸੜਕ ਉੁੱਪਰ ਬੇਹਤਾਸ਼ਾ ਪਾਣੀ ਨੇ ਸੜਕਾਂ ਮੱਲੀ ਰੱਖੀਆਂ। ਦੱਸਣਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਨਾਲਾਇਕੀ ਦਾ ਇਹ ਸਿੱਟਾ ਹੈ ਕਿ ਲੰਬੇ ਸਮੇਂ ਤੋਂ ਸ਼ਹਿਰ ਬਾਰਿਸ਼ਾਂ ਦੇ ਪਾਣੀ ਖੜ੍ਹਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਦਾ ਸਾਰਥਕ ਹੱਲ ਕਦੇ ਨਹੀਂ ਹੋ ਸਕਿਆ। ਹੁਣ ਜ਼ਿਲਾ ਪ੍ਰਸ਼ਾਸਨ ਨੇ ਅਗਾਊ ਬਾਰਿਸ਼ਾਂ ਵੇਲੇ ਨਿਕਾਸੀ ਪਾਣੀ ਦੀ ਸਮੱਸਿਆ ਤੋਂ ਬਚਣ ਲਈ ਇਸ ਦੇ ਹੱਲ ਕਰਨ ਲਈ ਸ਼ਹਿਰ ਅੰਦਰ ਇਕ ਟੋਭੇ ਦੀ ਖੋਦਾਈ ਕਰ ਕੇ ਮਿੱਟੀ ਚੁੱਕਣ ਦਾ ਕਾਰਜ ਸ਼ੁਰੂ ਕੀਤਾ ਸੀ ਪਰ ਇਹ ਵੀ ਰੁਕ ਗਿਆ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਪ੍ਰਧਾਨ
ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁੱਖ ਮਕਸਦ ਮਾਨਸਾ ਸ਼ਹਿਰ ਦੀ ਦਿੱਖ ਨੂੰ ਸੁਧਾਰ ਕੇ ਇਸ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਬਾਰਿਸ਼ਾਂ ਦੇ ਦਿਨਾਂ 'ਚ ਨਿਕਾਸੀ ਪਾਣੀ ਖੜ੍ਹਨ ਦੀ ਵੱਡੀ ਸਮੱਸਿਆ ਦੇ ਹੱਲ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਜਿਉਂ-ਜਿਉਂ ਸਰਕਾਰ ਵੱਲੋਂ ਫੰਡ ਆਉਣਗੇ ਵਿਕਾਸ ਦਾ ਹਰ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ।
ਰੇਲਵੇ ਪੁਲਸ ਨੇ ਦੂਜੇ ਦਿਨ ਵੀ ਵਰਤੀ ਸਖਤੀ
NEXT STORY