ਜਲੰਧਰ (ਸੁਰਿੰਦਰ)-ਕੁਝ ਦਿਨ ਪਹਿਲਾਂ ਪਏ ਤੇਜ਼ ਮੀਂਹ ਅਤੇ ਹਨੇਰੀ ਕਾਰਨ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਫ਼ਸਲ ਦੀਆਂ ਬੱਲੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਪਰ ਇਕਦਮ ਬਦਲੇ ਮੌਸਮ ਨੇ ਫ਼ਸਲਾਂ ਖੇਤਾਂ ਵਿਚ ਹੀ ਵਿਛਾ ਦਿੱਤੀਆਂ ਹਨ। 2 ਦਿਨ ਬੀਤ ਜਾਣ ਦੇ ਬਾਅਦ ਵੀ ਫ਼ਸਲ ਫਿਰ ਤੋਂ ਖੜ੍ਹੀ ਨਹੀਂ ਹੋ ਸਕੀ। ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਇਸ ਵਾਰ ਫ਼ਸਲ ਦੇ ਦਾਣੇ ਜਿੱਥੇ ਵਧੀਆ ਹੋਏ ਸਨ ਅਤੇ ਝਾੜ ਵੀ ਵੱਧ ਨਿਕਲਣਾ ਸੀ ਉਥੇ ਹੀ, ਕੁਦਰਤੀ ਮਾਰ ਕਾਰਨ ਨੁਕਸਾਨ ਝੱਲਣਾ ਪਵੇਗਾ।
ਖੇਤੀਬਾੜੀ ਵਿਭਾਗ ਦੇ ਚੀਫ਼ ਐਗਰੀਕਲਚਰ ਅਧਿਕਾਰੀ ਡਾ. ਜਸਵੰਤ ਰਾਏ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿਚ ਸਭ ਤੋਂ ਘੱਟ ਨੁਕਸਾਨ ਹੋਇਆ ਹੈ। ਜਲੰਧਰ ਜ਼ਿਲ੍ਹੇ ਵਿਚ 1.73 ਲੱਖ ਹੈਕਟੇਅਰ ਰਕਬਾ ਕਣਕ ਦੇ ਹੇਠ ਹੈ, ਜਿਸ ਵਿਚੋਂ ਤੀਜਾ ਹਿੱਸਾ ਨੁਕਸਾਨਿਆ ਗਿਆ ਹੈ, ਭਾਵ 5 ਫ਼ੀਸਦੀ ਦੇ ਲਗਭਗ ਹੀ ਨੁਕਸਾਨ ਹੋਇਆ ਹੈ ਜਦਕਿ ਗੜੇਮਾਰੀ ਅਤੇ ਤੇਜ਼ ਮੀਂਹ ਕਾਰਨ ਅਬੋਹਰ ਅਤੇ ਗਿੱਦੜਬਾਹਾ ਵਿਚ 25 ਤੋਂ 30 ਫ਼ੀਸਦੀ ਫ਼ਸਲ ਖੇਤਾਂ ਵਿਚ ਡਿੱਗ ਕੇ ਨੁਕਸਾਨੀ ਗਈ ਹੈ, ਜੋਕਿ ਕਿਸਾਨਾਂ ਲਈ ਸਹੀ ਨਹੀਂ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ
ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੋਣੀ ਹੈ ਵਾਢੀ
ਲਿੱਦੜਾਂ ਦੇ ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫ਼ਸਲ ਦੀ ਵਾਢੀ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੋਣੀ ਹੈ। ਜੇਕਰ ਮੌਸਮ ਮੁੜ ਵਿਗੜਦਾ ਹੈ ਤਾਂ ਇਸ ਵਾਰ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਵੇਗਾ। ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਖੇਤਾਂ ਵਿਚ ਪਾਣੀ ਖੜ੍ਹਾ ਨਾ ਹੋਣ ਦੇਣ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੈ। ਮੌਸਮ ਵਿਭਾਗ ਅਨੁਸਾਰ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ 29 ਅਤੇ 30 ਨੂੰ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਫ਼ਸਲ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ ਅਤੇ ਖੇਤ ਗਿੱਲੇ ਹਨ, ਜਿਸ ਕਾਰਨ ਵਾਢੀ ਨਹੀਂ ਹੋ ਸਕਦੀ। ਕਿਸਾਨ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਇਕ ਹਫ਼ਤਾ ਵਧੀਆ ਧੁੱਪ ਖਿੜ ਜਾਵੇ ਤਾਂ ਕਿ ਵਿਸਾਖੀ ਤੋਂ ਪਹਿਲਾਂ ਫ਼ਸਲ ਦੀ ਵਾਢੀ ਪੂਰੀ ਹੋ ਜਾਵੇ।
ਮੀਂਹ ਤੋਂ ਬਾਅਦ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ’ਚ ਆਈ ਗਿਰਾਵਟ
ਮੌਸਮ ਵਿਭਾਗ ਅਨੁਸਾਰ ਇਕ ਹਫ਼ਤੇ ਤੋਂ ਮੀਂਹ ਦੇ ਮੌਸਮ ਕਾਰਨ ਤਾਪਮਾਨ ਵਿਚ ਗਿਰਾਵਟ ਆ ਰਹੀ ਹੈ। ਸ਼ੁੱਕਰਵਾਰ ਨੂੰ ਪਏ ਮੀਂਹ ਕਾਰਨ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 23 ਤੋਂ 24 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਤੱਕ ਪਹੁੰਚ ਗਿਆ ਹੈ। ਡਾਕਟਰਾਂ ਮੁਤਾਬਕ ਇਸ ਮੌਸਮ ’ਚ ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖੋ। ਇਸ ਸਮੇਂ ਜ਼ਿਆਦਾਤਰ ਕੇਸ ਖੰਘ ਦੇ ਆ ਰਹੇ ਹਨ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਮੌਸਮ ਵਿਚ ਬਦਲਾਅ ਨਹੀਂ ਹੋਣ ਵਾਲਾ। ਧੁੱਪ ਖਿੜਨ ਦੇ ਨਾਲ ਰਾਤ ਸਮੇਂ ਠੰਡ ਦਾ ਵੀ ਪੂਰਾ ਅਹਿਸਾਸ ਰਹੇਗਾ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਅਕਾਲੀ ਦਲ ਦੇ ਸਾਬਕਾ MLA ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ 'ਚ ਖ਼ਰਾਬ ਫ਼ਸਲਾਂ ਦੇ ਜਾਇਜ਼ੇ ਮਗਰੋਂ ਐਕਸ਼ਨ 'ਚ CM ਮਾਨ, ਸੱਦ ਲਈ ਬੈਠਕ
NEXT STORY