ਬਠਿੰਡਾ (ਮਨਜੀਤ) : ਮਾਰਚ ਮਹੀਨੇ ਦੇ ਅਖ਼ੀਰਲੇ ਦਿਨਾਂ ’ਚ ਮੌਸਮ ਨੇ ਅਚਾਨਕ ਪਾਸਾ ਬਦਲ ਲਿਆ ਹੈ, ਜਿਸ ਕਾਰਨ ਪੰਜਾਬ ਸਮੇਤ ਉੱਤਰ ਭਾਰਤ ਦੇ ਕਿਸਾਨਾਂ ’ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਤੇਜ਼ ਗਰਮੀ ਤੋਂ ਬਾਅਦ ਹੁਣ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੀਂਹ, ਤੇਜ਼ ਹਵਾਵਾਂ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਬਣ ਰਹੀ ਹੈ। ਹਾੜ੍ਹੀ ਦੀ ਮੁੱਖ ਫ਼ਸਲ ਕਣਕ ਇਸ ਸਮੇਂ ਪਕਾਅ ਦੇ ਆਖ਼ਰੀ ਪੜਾਅ ’ਤੇ ਹੈ ਅਤੇ ਵਾਢੀ ਦੇ ਦਿਨ ਬਿਲਕੁਲ ਨੇੜੇ ਹਨ। ਅਜਿਹੇ ਵੇਲੇ ਮੌਸਮ ਵਿਚ ਆਈ ਤਬਦੀਲੀ ਨੇ ਅੰਨਦਾਤਾ ਨੂੰ ਫ਼ਿਕਰਾਂ ’ਚ ਡੁਬੋ ਦਿੱਤਾ ਹੈ। ਪਿਛਲੇ 2 ਦਿਨਾਂ ਤੋਂ ਵਿਗੜੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਤੜਕਸਾਰ ਹੋਈ ਹਲਕੀ ਬਾਰਸ਼ ਅਤੇ ਤੇਜ਼ ਹਵਾਵਾਂ ਨੇ ਖੇਤਾਂ ’ਚ ਖੜ੍ਹੀ ਫ਼ਸਲ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੌਸਮ ਉਸ ਸਮੇਂ ਬਦਲਿਆ ਹੈ, ਜਦੋਂ ਕਣਕ ਪੂਰੀ ਤਰ੍ਹਾਂ ਪੱਕ ਕੇ ਤਿਆਰ ਖੜ੍ਹੀ ਹੈ। ਜੇਕਰ ਇਸ ਦੌਰਾਨ ਤੇਜ਼ ਹਵਾਵਾਂ ਜਾਂ ਝੱਖੜ ਚੱਲਦੇ ਹਨ ਤਾਂ ਕਣਕ ਦੇ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ, ਜਿਸ ਨਾਲ ਉਤਪਾਦਨ ਤੇ ਗੁਣਵੱਤਾ ਦੋਵੇਂ ਪ੍ਰਭਾਵਿਤ ਹੋ ਸਕਦੇ ਹਨ। ਖੇਤੀ ਮਾਹਿਰਾਂ ਅਨੁਸਾਰ ਇਸ ਸਮੇਂ ਦਿਨ ’ਚ ਧੁੱਪ ਅਤੇ ਰਾਤ ਨੂੰ ਸਾਫ਼ ਮੌਸਮ ਕਣਕ ਦੀ ਕਟਾਈ ਅਤੇ ਵਢਾਈ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਮੌਜੂਦਾ ਹਾਲਾਤ ਇਸ ਦੇ ਉਲਟ ਹਨ, ਜਿਸ ਨਾਲ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫਿਰਣ ਦਾ ਡਰ ਬਣ ਗਿਆ ਹੈ।
ਮਾਹਿਰਾਂ ਦੀ ਸਲਾਹ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਅਗਲੇ 3 ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਦੌਰਾਨ ਸਬਜ਼ੀਆਂ ਅਤੇ ਹਰੇ-ਚਾਰੇ ਵਾਲੀਆਂ ਫ਼ਸਲਾਂ ’ਤੇ ਨਾ ਤਾਂ ਸਪਰੇਅ ਕੀਤਾ ਜਾਵੇ ਅਤੇ ਨਾ ਹੀ ਸਿੰਚਾਈ ਕੀਤੀ ਜਾਵੇ। ਇਸ ਤੋਂ ਇਲਾਵਾ ਕੱਟੀਆਂ ਹੋਈਆਂ ਫ਼ਸਲਾਂ ਨੂੰ ਸੁਰੱਖਿਅਤ ਥਾਵਾਂ ’ਤੇ ਰੱਖਣ ਦੀ ਹਦਾਇਤ ਦਿੱਤੀ ਗਈ ਹੈ। ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਅਧਿਕਾਰੀਆਂ ਨੇ ਵੀ ਮਾਲਵਾ ਖੇਤਰ ਵਿਚ ਅਗਲੇ 2 ਦਿਨ ਮੌਸਮ ਦੇ ਖਰਾਬ ਰਹਿਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੀਂਹ ਕੁੱਝ ਹੱਦ ਤੱਕ ਫ਼ਸਲ ਲਈ ਲਾਭਦਾਇਕ ਹੋ ਸਕਦਾ ਹੈ, ਉਥੇ ਹੀ ਤੇਜ਼ ਹਵਾਵਾਂ ਕਣਕ ਨੂੰ ਜ਼ਮੀਨ ’ਤੇ ਵਿਛਾ ਸਕਦੀਆਂ ਹਨ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।
ਤੂਫ਼ਾਨ ਅਤੇ ਤੇਜ਼ ਹਵਾਵਾਂ ਦਾ ਅਲਰਟ
ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਮੌਸਮ ਅਸਥਿਰ ਰਹਿ ਸਕਦਾ ਹੈ। ਕਈ ਥਾਵਾਂ ’ਤੇ ਤੂਫ਼ਾਨ ਦੇ ਨਾਲ ਮੀਂਹ ਅਤੇ ਕੁੱਝ ਇਲਾਕਿਆਂ ਵਿਚ ਗੜ੍ਹੇ ਪੈਣ ਦੀ ਵੀ ਸੰਭਾਵਨਾ ਹੈ। ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਮੌਸਮ ਦੇ ਇਸ ਬਦਲੇ ਮਿਜਾਜ਼ ਨੇ ਕਿਸਾਨਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਹੁਣ ਸਭ ਦੀਆਂ ਨਿਗਾਹਾਂ ਆਉਣ ਵਾਲੇ ਦਿਨਾਂ ਦੇ ਮੌਸਮ ’ਤੇ ਟਿਕੀਆਂ ਹੋਈਆਂ ਹਨ ਕਿ ਕਿਤੇ ਇਹ ਬਦਲਾਅ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ’ਤੇ ਪਾਣੀ ਨਾ ਫੇਰ ਦੇਵੇ।
ਕਰੋੜਾਂ ਰੁਪਏ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ
NEXT STORY