ਖੰਨਾ: ਖੰਨਾ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਉਰਫ ਹਨੀ ਰੋਸ਼ਾ ਅਤੇ ਉਨ੍ਹਾਂ ਦੇ ਭਤੀਜੇ ਕਰਨ ਰੋਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਦੀਪ ਕੁਮਾਰ ਉਰਫ਼ ਸੋਨੂੰ ਜੌਹਰ ਦੀ ਸ਼ਿਕਾਇਤ ਮਗਰੋਂ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਜਿੱਤੇ ਹਰਦੀਪ ਸਿੰਘ ਉਰਫ਼ ਹਨੀ ਰੋਸ਼ਾ 'ਤੇ ਜਸ਼ਨਾਂ ਦੌਰਾਨ ਬਦਸਲੂਕੀ ਤੇ ਕੁੱਟਮਾਰ ਦੇ ਦੋਸ਼ ਲਗਾਏ ਸਨ।
ਜਾਣਕਾਰੀ ਅਨੁਸਾਰ, 29 ਮਈ ਨੂੰ ਹਨੀ ਰੋਸ਼ਾ ਨੇ ਖੰਨਾ ਦੇ ਵਾਰਡ ਨੰਬਰ 30 ਤੋਂ ਕੌਂਸਲਰ ਦੀ ਚੋਣ ਜਿੱਤੀ ਸੀ। ਸ਼ਿਕਾਇਤਕਰਤਾ ਸੋਨੂ ਜੌਹਰ, ਜੋ ਕਿ ਹਨੀ ਰੋਸ਼ਾ ਦੇ ਵਿਰੁੱਧ 'ਆਪ' ਦੀ ਟਿਕਟ 'ਤੇ ਚੋਣ ਹਾਰ ਗਏ ਸਨ, ਨੇ ਇਲਜ਼ਾਮ ਲਾਇਆ ਕਿ ਜਿੱਤ ਤੋਂ ਬਾਅਦ ਹਨੀ ਰੋਸ਼ਾ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਉਨ੍ਹਾਂ ਦੇ ਘਰ ਦੇ ਬਾਹਰ ਜਸ਼ਨ ਮਨਾਉਣ ਪਹੁੰਚ ਗਏ। ਇਸ ਦੌਰਾਨ ਉੱਥੇ ਪਟਾਕੇ ਚਲਾਉਣ ਅਤੇ ਅਸ਼ਲੀਲ ਗਾਣੇ ਵਜਾਉਣ ਦੇ ਦੋਸ਼ ਲਗਾਏ ਗਏ।
ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਜਦੋਂ ਪਰਿਵਾਰਕ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ, ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਅਤੇ ਘਰ ਦੇ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ। ਇਲਜ਼ਾਮ ਹੈ ਕਿ ਹਨੀ ਰੋਸ਼ਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੋਨੂ ਜੌਹਰ ਦੀ ਗਰਭਵਤੀ ਭਾਬੀ ਨਾਲ ਵੀ ਬਦਸਲੂਕੀ ਕੀਤੀ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਹ ਸਾਰੀ ਵਾਰਦਾਤ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਸਿਟੀ ਥਾਣਾ ਖੰਨਾ ਦੇ ਐੱਸ.ਐੱਚ.ਓ. ਸੁਖਵਿੰਦਰਪਾਲ ਸਿੰਘ ਮੁਤਾਬਕ ਸੀਸੀਟੀਵੀ ਫੁਟੇਜ ਅਤੇ ਸ਼ਿਕਾਇਤ ਦੇ ਆਧਾਰ 'ਤੇ ਹਨੀ ਰੋਸ਼ਾ, ਉਨ੍ਹਾਂ ਦੇ ਬੇਟੇ, ਦੋ ਭਤੀਜਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਹਨੀ ਰੋਸ਼ਾ ਅਤੇ ਉਨ੍ਹਾਂ ਦੇ ਭਤੀਜੇ ਕਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਸੌਲ ਘੁੰਮਣ ਗਏ ਪੰਜਾਬੀਆਂ ਦਾ ਪੈ ਗਿਆ ਪੰਗਾ ! ਚੱਲ ਗਈ ਗੋਲ਼ੀ, 4 ਗ੍ਰਿਫ਼ਤਾਰ
NEXT STORY