ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਅੱਜ ਤੜਕੇ ਹੀ ਸਮਾਜ ਵਿਰੋਧੀ ਅਨਸਰਾਂ ’ਤੇ ਸਖ਼ਤੀ ਕਰਦਿਆਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਸ਼ਹਿਰ 'ਚ ਵੱਖ-ਵੱਖ ਥਾਵਾਂ ’ਤੇ ਸਰਚ ਮੁਹਿੰਮ ਚਲਾਈ ਅਤੇ ਸ਼ੱਕੀ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ। ਮਾਛੀਵਾੜਾ ਥਾਣਾ ਮੁਖੀ ਡੀ. ਐੱਸ. ਪੀ. ਮਨਦੀਪ ਕੌਰ ਦੀ ਅਗਵਾਈ ਹੇਠ ਅੱਜ ਭਾਰੀ ਫੋਰਸ ਬਲ ਸਮੇਤ ਇਲਾਕੇ ਦੇ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ਦਰਜ ਹਨ, ਉਨ੍ਹਾਂ ਦੇ ਘਰ ਅਚਨਚੇਤ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ।
ਬੇਸ਼ੱਕ ਇਸ ਸਰਚ ਮੁਹਿੰਮ 'ਚ ਪੁਲਸ ਨੂੰ ਕੋਈ ਵੀ ਨਸ਼ਾ ਜਾਂ ਗੈਰ-ਕਾਨੂੰਨੀ ਵਸਤੂ ਨਹੀਂ ਮਿਲੀ ਪਰ ਪੁਲਸ ਦੀ ਇਸ ਕਾਰਵਾਈ ਨਾਲ ਲੋਕਾਂ ’ਚ ਇਹ ਸੰਦੇਸ਼ ਜ਼ਰੂਰ ਗਿਆ ਕਿ ਪ੍ਰਸ਼ਾਸਨ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡੀ. ਐੱਸ. ਪੀ. ਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਅਮਨੀਤ ਕੌਂਡਲ ਦੇ ਨਿਰਦੇਸ਼ਾਂ ਤਹਿਤ ਇਹ ਸਰਚ ਮੁਹਿੰਮ ਚਲਾਈ ਗਈ ਹੈ ਅਤੇ ਸ਼ੱਕੀ ਪੁਰਸ਼ਾਂ ਦੇ ਘਰ ਤਲਾਸ਼ੀ ਲੈ ਕੇ ਉਨ੍ਹਾਂ ਦੇ ਸਾਰੇ ਵੇਰਵੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ 'ਤੇ ਪਹਿਲਾਂ ਨਸ਼ਿਆਂ ਦੇ ਮਾਮਲੇ ਦਰਜ ਹਨ, ਉਹ ਹੁਣ ਕਿਨ੍ਹਾਂ ਹਾਲਾਤ 'ਚ ਰਹਿੰਦੇ ਹਨ ਅਤੇ ਕੀ ਕੰਮ ਕਰਦੇ ਹਨ, ਉਸ ਦੀ ਵੀ ਜਾਣਕਾਰੀ ਲਈ ਗਈ ਹੈ।
ਇਸ ਤੋਂ ਇਲਾਵਾ ਇਨ੍ਹਾਂ ਸ਼ੱਕੀ ਪੁਰਸ਼ਾਂ ਦੇ ਪਰਿਵਾਰਾਂ ਦਾ ਕਿਸੇ ਵੱਡੇ ਨਸ਼ਾ ਤਸਕਰਾਂ ਨਾਲ ਸਬੰਧ ਤਾਂ ਨਹੀਂ ਜਾਂ ਉਨ੍ਹਾਂ ਦੇ ਬੈਂਕ ਖ਼ਾਤਿਆਂ 'ਚ ਕਿਸ ਤਰ੍ਹਾਂ ਦਾ ਲੈਣ-ਦੇਣ ਹੋ ਰਿਹਾ ਹੈ, ਉਹ ਵੀ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਡੀ. ਐੱਸ. ਪੀ. ਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਆਉਣ ਵਾਲੇ ਸਮੇਂ ’ਚ ਵੀ ਇਹ ਸਰਚ ਮੁਹਿੰਮ ਜਾਰੀ ਰਹੇਗੀ ਤਾਂ ਜੋ ਨਸ਼ਾ ਤਸਕਰਾਂ ’ਤੇ ਨੱਥ ਪਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪ੍ਰਮੋਦ ਕੁਮਾਰ, ਕੁਲਦੀਪ ਸਿੰਘ, ਹਰਨੇਕ ਸਿੰਘ, ਅਮਰਜੀਤ ਸਿੰਘ, ਅਸ਼ਵਨੀ ਕੁਮਾਰ (ਸਾਰੇ ਸਹਾਇਕ ਥਾਣੇਦਾਰ) ਵੀ ਮੌਜੂਦ ਸਨ।
ਭਗਵੰਤ ਮਾਨ ਕੈਬਨਿਟ ’ਚ ਸ਼ਾਮਲ ਹੋਣ ਤੋਂ ਬਾਅਦ ਗੁਰਮੀਤ ਖੁੱਡੀਆਂ ਤੇ ਬਲਕਾਰ ਸਿੰਘ ਦਾ ਵੱਡਾ ਬਿਆਨ
NEXT STORY