ਜਲੰਧਰ, (ਮਹੇਸ਼)— 19 ਜੁਲਾਈ ਦੀ ਰਾਤ ਨੂੰ ਥਾਣਾ ਸਦਰ ਦੇ ਪਿੰਡ ਰਾਏਪੁਰ ਫਰਾਲਾ ਵਿਚ ਗੋਲ-ਗੱਪਿਆਂ ਦੀਆਂ ਰੇਹੜੀ ’ਤੇ ਖੜ੍ਹੇ ਜੱਸੀ ਨਾਂ ਦੇ ਨੌਜਵਾਨ ਦੀ ਹੱਤਿਆ ਕਰਨ ਵਾਲੇ ਰਾਜਵਿੰਦਰ ਕੁਮਾਰ ਉਰਫ ਟੋਨਾ ਪੁੱਤਰ ਮੋਹਨ ਲਾਲ ਮੋਹਨੀ ਵਾਸੀ ਰਾਏਪੁਰ ਫਰਾਲਾ ਨੂੰ ਅੱਜ ਪੁਲਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਸ ਦੇ ਖਿਲਾਫ ਪੁਲਸ ਨੇ ਵਾਰਦਾਤ ਵਾਲੇ ਦਿਨ ਹੀ ਮ੍ਰਿਤਕ ਜਸਵੀਰ ਸਿੰਘ ਜੱਸੀ ਪੁੱਤਰ ਪਲਵਿੰਦਰ ਸਿੰਘ ਦੇ ਭਰਾ ਗੁਰਿੰਦਰ ਸਿੰਘ ਗਿੰਦਾ ਦੇ ਬਿਆਨਾਂ ’ਤੇ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ ਸੀ।
ਸਿਰਫ 24 ਘੰਟਿਆਂ ਵਿਚ ਹੀ ਰਾਏਪੁਰ ਫਰਾਲਾ ਹੱਤਿਆ ਕਾਂਡ ਟਰੇਸ ਕਰਨ ਵਾਲੇ ਥਾਣਾ ਸਦਰ ਦੇ ਐੱਸ. ਐੱਚ. ਓ. ਵਿਮਲ ਕਾਂਤ ਨੇ ਦੱਸਿਆ ਕਿ ਮੁਲਜ਼ਮ ਟੋਨਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਸੀ। ਉਸ ਦੀ ਭਾਲ ਵਿਚ ਪੁਲਸ ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਰਹੀਅਾਂ ਸਨ, ਜਿਸ ਦੌਰਾਨ ਉਹ 20 ਜੁਲਾਈ ਦੀ ਦੇਰ ਰਾਤ ਨੂੰ ਪੁਲਸ ਦੇ ਹੱਥ ਲੱਗ ਗਿਆ। ਮੁਲਜ਼ਮ ਟੋਨਾ ਨੇ ਗ੍ਰਿਫਤਾਰੀ ਤੋਂ ਬਾਅਦ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਉਸ ਦੀ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਜੱਸੀ ਨਾਲ ਬਹਿਸ ਹੋਈ ਸੀ, ਜਿਸ ਤੋਂ ਬਾਅਦ ਜੱਸੀ ਅਤੇ ਉਥੇ ਖੜ੍ਹੇ ਹੋਰ ਨੌਜਵਾਨਾਂ ਨੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗੁੱਸੇ ਵਿਚ ਆ ਕੇ ਜੱਸੀ ਦੇ ਗਲੇ ਵਿਚ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਟੋਨਾ ਦੇ ਮੁਤਾਬਕ ਵਾਰਦਾਤ ਵਾਲੇ ਦਿਨ ਤੋਂ ਪਹਿਲਾਂ ਉਸ ਦਾ ਜੱਸੀ ਦੇ ਨਾਲ ਵਿਵਾਦ ਨਹੀਂ ਹੋਇਆ ਸੀ।
ਮੁਲਜ਼ਮ 2 ਦਿਨ ਦੇ ਪੁਲਸ ਰਿਮਾਂਡ ’ਤੇ
ਇੰਸਪੈਕਟਰ ਵਿਮਲ ਕਾਂਤ ਨੇ ਦੱਸਿਆ ਕਿ ਮੁਲਜ਼ਮ ਟੋਨਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੱਸੀ ਦੀ ਹੱਤਿਆ ਨੂੰ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਹੱਤਿਆ ਦੇ ਸਮੇਂ ਇਸਤੇਮਾਲ ਕੀਤਾ ਚਾਕੂ ਦਾ ਅੱਧਾ ਹਿੱਸਾ ਜੱਸੀ ਦੇ ਗਲੇ ਵਿਚ ਹੀ ਛੱਡ ਦਿੱਤਾ ਸੀ ਅਤੇ ਬਾਕੀ ਦਾ ਹਿੱਸਾ ਲੈ ਕੇ ਉਹ ਫਰਾਰ ਹੋ ਗਿਆ, ਜਿਸ ਨੂੰ ਪੁਲਸ ਉਸ ਤੋਂ ਬਰਾਮਦ ਕਰੇਗੀ। ਐੱਸ. ਐੱਚ. ਓ. ਨੇ ਕਿਹ ਕਿ ਪੁਲਸ ਨੇ ਮੁਲਜ਼ਮ ਦਾ ਅੱਜ ਮੈਡੀਕਲ ਵੀ ਕਰਵਾਇਆ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਹ ਕੋਈ ਵੀ ਨਸ਼ਾ ਕਰਨ ਦਾ ਆਦੀ ਤਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਿਪੋਰਟ ਆਉਣ ’ਤੇ ਹੀ ਇਸ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ।
ਪੈਰੋਲ ’ਤੇ ਆਏ ਨੌਜਵਾਨ ਨੂੰ ਪੁਲਸ ਨੇ ਜਬਰੀ ਚੁੱਕਿਆ
NEXT STORY