ਲੁਧਿਆਣਾ, (ਤਰੁਣ)- ਬੀਤੀ ਰਾਤ ਓਵਰਲਾਕ ਰੋਡ ਸਥਿਤ ਦਫਤਰ ਵਿਚ ਵਿਸ਼ਾਲ ਭਾਰਦਵਾਜ ਨਾਮੀ ਵਕੀਲ ਦੀ ਮੌਤ ਹੋਈ ਸੀ। ਮੁੱਢਲੀ ਜਾਂਚ ਵਿਚ ਮਾਮਲਾ ਖੁਦਕੁਸ਼ੀ ਦਾ ਸੀ, ਜਿਸ ਦਾ ਸ਼ਨੀਵਾਰ ਸਵੇਰੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਹੋਇਆ। ਦੁਪਹਿਰ ਨੂੰ ਵਿਸ਼ਾਲ ਦੀ ਲਾਸ਼ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿਥੇ ਪਰਿਵਾਰ ਵਾਲਿਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਪਰਿਵਾਰ ਵਾਲਿਆਂ ਸਮੇਤ ਲੋਕਾਂ ਨੇ ਲਾਸ਼ ਨੂੰ ਸ਼ਮਸ਼ਾਨਘਾਟ ਤੋਂ ਚੁੱਕ ਕੇ ਜੀ. ਟੀ. ਰੋਡ 'ਤੇ ਰੱਖ ਕੇ ਧਰਨਾ-ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਤੇ ਪੁਲਸ ਮੁਰਦਾਬਾਦ ਦੇ ਨਾਅਰੇ ਲਾਏ। ਪਰਿਵਾਰ ਦਾ ਦੋਸ਼ ਹੈ ਕਿ ਵਿਸ਼ਾਲ ਨੇ ਖੁਦਕੁਸ਼ੀ ਨਹੀਂ ਕੀਤੀ ਹੈ। ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ। ਉਸ ਦਾ ਕਤਲ ਕੀਤਾ ਗਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ.-1 ਰਤਨ ਸਿੰਘ ਬਰਾੜ, ਏ. ਸੀ. ਪੀ. ਸੈਂਟਰਲ ਮਨਦੀਪ ਸਿੰਘ ਸੰਧੂ, ਥਾਣਾ ਡਵੀਜ਼ਨ ਨੰ. 2 ਅਤੇ 3 ਦੇ ਮੁਖੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਵਾਲਿਆਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਅਤੇ ਧਰਨਾ-ਪ੍ਰਦਰਸ਼ਨ ਬੰਦ ਕਰਵਾਇਆ। ਮ੍ਰਿਤਕ ਦੇ ਭਰਾ ਸੰਦੀਪ ਨੇ ਦੱਸਿਆ ਕਿ ਵਿਸ਼ਾਲ ਸੇਲ ਟੈਕਸ ਦਾ ਵਕੀਲ ਸੀ, ਜਿਸ ਨੇ ਕਰੀਬ 1 ਮਹੀਨਾ ਪਹਿਲਾਂ ਮਿੱਲਰਗੰਜ, ਓਵਰਲਾਕ ਰੋਡ ਕੋਲ ਕਿਰਾਏ 'ਤੇ ਦਫਤਰ ਲਿਆ ਸੀ। ਦਫਤਰ ਵਿਚ ਉਸ ਦੇ ਨਾਲ ਇਕ ਲੜਕੀ ਵੀ ਕੰਮ ਕਰਦੀ ਸੀ। ਸ਼ੁੱਕਰਵਾਰ ਰਾਤ ਪੁਲਸ ਨੇ ਉਨ੍ਹਾਂ ਨੂੰ ਮੋਬਾਇਲ 'ਤੇ ਸੂਚਨਾ ਦਿੱਤੀ ਕਿ ਵਿਸ਼ਾਲ ਨੇ ਖੁਦਕੁਸ਼ੀ ਕਰ ਲਈ ਹੈ। ਉਹ ਸਾਰੇ ਮੌਕੇ 'ਤੇ ਪੁੱਜੇ, ਜਿਥੇ ਵਿਸ਼ਾਲ ਦੀ ਲਾਸ਼ ਪਈ ਹੋਈ ਸੀ।
ਭਰਾ ਸਮੇਤ ਹੋਰਨਾਂ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਦੋਂਕਿ ਵਿਸ਼ਾਲ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ, ਨਾਲ ਹੀ ਪਰਿਵਾਰ ਨੇ ਦਫਤਰ ਵਿਚ ਕੰਮ ਕਰਨ ਵਾਲੀ ਲੜਕੀ 'ਤੇ ਸ਼ੱਕ ਪ੍ਰਗਟ ਕੀਤਾ ਹੈ।
ਸੁਸਾਈਡ ਨੋਟ ਹੋਇਆ ਬਰਾਮਦ
ਜਾਂਚ ਅਧਿਕਾਰੀ ਸੁਖਦੇਵ ਨੇ ਦੱਸਿਆ ਕਿ ਵਿਸ਼ਾਲ ਦੇ ਦਫਤਰ ਤੋਂ ਅੰਗਰੇਜ਼ੀ ਵਿਚ ਲਿਖਿਆ ਹੋਇਆ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਵਿਸ਼ਾਲ ਨੇ ਮੌਤ ਦਾ ਜ਼ਿੰਮੇਦਾਰ ਆਪਣੇ ਆਪ ਨੂੰ ਠਹਿਰਾਇਆ ਹੈ। ਮੁੱਢਲੀ ਜਾਂਚ ਵਿਚ ਕੇਸ ਖੁਦਕੁਸ਼ੀ ਦਾ ਪ੍ਰਤੀਤ ਹੋ ਰਿਹਾ ਹੈ, ਜਿਸ ਕਾਰਨ ਪੁਲਸ ਨੇ ਧਾਰਾ 174 ਦੀ ਕਾਰਵਾਈ ਕੀਤੀ ਸੀ। ਪਰਿਵਾਰਕ ਮੈਂਬਰਾਂ ਨੂੰ ਇਤਰਾਜ਼ ਹੋਣ 'ਤੇ ਲਾਸ਼ ਨੂੰ ਦੁਬਾਰਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।
ਲਾਸ਼ ਦਾ ਦੋਬਾਰਾ ਹੋਵੇਗਾ ਪੋਸਟਮਾਰਟਮ- ਏ. ਸੀ. ਪੀ. ਸੈਂਟਰਲ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਹੀ ਪੁਲਸ ਨੇ ਲਾਸ਼ ਨੂੰ ਦੋਬਾਰਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐਤਵਾਰ ਨੂੰ ਡਾਕਟਰਾਂ ਦਾ ਬੋਰਡ ਵਿਸ਼ਾਲ ਦੀ ਲਾਸ਼ ਦਾ ਪੋਸਟਮਾਰਟਮ ਕਰੇਗਾ। ਆਉਣ ਵਾਲੀ ਡਾਕਟਰੀ ਰਿਪੋਰਟ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਨੋਟ ਕਰ ਲਏ ਹਨ। ਨਾਲ ਹੀ ਸੂਤਰਾਂ ਦੇ ਮੁਤਾਬਕ ਇਲਾਕਾ ਪੁਲਸ ਨੇ ਦਫਤਰ ਵਿਚ ਕੰਮ ਕਰਨ ਵਾਲੀ ਲੜਕੀ ਅਤੇ ਉਸ ਦੇ ਪਿਤਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਸ਼ੁਰੂ ਕੀਤੀ ਹੈ।
ਛੱਡ ਗਏ ਸਸਕਾਰ ਦਾ ਸਾਮਾਨ- ਪੁਲਸ ਵੱਲੋਂ ਕਾਰਵਾਈ ਨਾ ਹੁੰਦੀ ਦੇਖ ਕੇ ਭੜਕੇ ਪਰਿਵਾਰ ਵਾਲੇ ਵਿਸ਼ਾਲ ਦੀ ਲਾਸ਼ ਨੂੰ ਵਾਹਨ ਵਿਚ ਲੱਦ ਕੇ ਸ਼ਮਸ਼ਾਨਘਾਟ ਤੋਂ ਨਿਕਲ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਟਿੱਬਾ ਰੋਡ ਨੂੰ ਜਾਮ ਕਰ ਕੇ ਧਰਨਾ-ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰ ਵਿਸ਼ਾਲ ਦੇ ਸਸਕਾਰ ਲਈ ਜੋ ਸਾਮਾਨ ਲਿਆਏ ਸਨ, ਉਸ ਨੂੰ ਸ਼ਮਸ਼ਾਨਘਾਟ ਵਿਚ ਹੀ ਛੱਡ ਕੇ ਚਲੇ ਗਏ।
ਤਨਖਾਹ ਨਾ ਮਿਲਣ 'ਤੇ ਸਫਾਈ ਕਰਮਚਾਰੀ ਹੜਤਾਲ 'ਤੇ
NEXT STORY