ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਕ 'ਗੈਂਗਸਟਰ ਆਧਾਰਿਤ ਸੀਰੀਜ਼' ਦੇ ਪ੍ਰਸਾਰਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੀਰੀਜ਼ ਅਪਰਾਧ ਅਤੇ ਗੈਂਗਸਟਰ ਸੱਭਿਆਚਾਰ ਨੂੰ ਵਧਾਵਾ ਦੇ ਰਹੀ ਹੈ, ਜੋ ਸਮਾਜ ਲਈ ਖ਼ਤਰਨਾਕ ਹੈ। ਰਾਜਾ ਵੜਿੰਗ ਨੇ ਆਪਣੇ ਪੱਤਰ 'ਚ ਕਿਹਾ ਕਿ ਇਸ ਤਰ੍ਹਾਂ ਦੀ ਸਮੱਗਰੀ ਨੌਜਵਾਨ ਪੀੜ੍ਹੀ ‘ਤੇ ਨਕਾਰਾਤਮਕ ਅਸਰ ਪਾਉਂਦੀ ਹੈ ਅਤੇ ਉਨ੍ਹਾਂ ਨੂੰ ਗਲਤ ਰਸਤੇ ਵੱਲ ਧੱਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਹੀਰੋ ਵਾਂਗ ਦਿਖਾਉਣਾ ਨਾ ਸਿਰਫ਼ ਗਲਤ ਹੈ, ਸਗੋਂ ਇਸ ਨਾਲ ਸਮਾਜ 'ਚ ਗਲਤ ਸੰਦੇਸ਼ ਜਾਂਦਾ ਹੈ।
ਰਾਜਾ ਵੜਿੰਗ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਗੁਰੂਆਂ, ਰਿਸ਼ੀਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ ਅਤੇ ਇਸ ਧਰਤੀ ਦੀ ਪਛਾਣ ਨੂੰ ਕਿਸੇ ਖ਼ੌਫਨਾਕ ਅਪਰਾਧੀ ਨਾਲ ਜੋੜਨਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤੌਹੀਨ ਹੈ। ਉਨ੍ਹਾਂ ਅਨੁਸਾਰ ਇਸ ਨਾਲ ਸਾਡੀ ਸੰਸਕ੍ਰਿਤੀ ਅਤੇ ਇਤਿਹਾਸਕ ਵਿਰਾਸਤ ਨੂੰ ਵੀ ਢੁੱਕਵਾਂ ਨੁਕਸਾਨ ਪਹੁੰਚਦਾ ਹੈ। ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਸਬੰਧਿਤ ਮੰਤਰਾਲਿਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਕੇ ਇਸ ਸੀਰੀਜ਼ ਦੇ ਪ੍ਰਸਾਰਣ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਸਮੱਗਰੀ ‘ਤੇ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਇਸਦਾ ਨਕਾਰਾਤਮਕ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ‘ਤੇ ਪੈ ਸਕਦਾ ਹੈ। ਇਸ ਮਾਮਲੇ ਨਾਲ ਹੁਣ ਸਿਆਸੀ ਮਾਹੌਲ ਵੀ ਗਰਮ ਹੋਣ ਦੀ ਸੰਭਾਵਨਾ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਇਸ ਮੰਗ ‘ਤੇ ਕੀ ਫ਼ੈਸਲਾ ਲੈਂਦੀ ਹੈ।

ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ NH 'ਤੇ ਵਾਪਰਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ
NEXT STORY