ਅੰਮ੍ਰਿਤਸਰ, (ਨੀਰਜ)— ਸੀ. ਬੀ. ਡੀ. ਟੀ. (ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ) ਦਿੱਲੀ ਵੱਲੋਂ ਅੰਮ੍ਰਿਤਸਰ 'ਚ ਤਾਇਨਾਤ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਦੇ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਰੰਧਾਵਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਦੀ ਗੱਲ ਕਰੀਏ ਤਾਂ ਇਹ ਪੰਜਾਬ ਵਿਚ ਅਜਿਹਾ ਪਹਿਲਾ ਮਾਮਲਾ ਹੈ, ਜਿਸ ਵਿਚ ਸੀ. ਬੀ. ਡੀ. ਟੀ. ਨੇ ਵਿਭਾਗ ਦੇ ਉੱਚ ਅਧਿਕਾਰੀ ਨੂੰ ਸਸਪੈਂਡ ਕੀਤਾ ਹੈ। ਇਸ ਤੋਂ ਪਹਿਲਾਂ ਸੀ. ਬੀ. ਡੀ. ਟੀ. ਨੇ ਹੀ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ 'ਚ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਰੰਧਾਵਾ ਨਾਲ ਤਾਇਨਾਤ ਇੰਸਪੈਕਟਰ ਵਿਸ਼ਾਲ ਧੀਰ ਨੂੰ ਸਸਪੈਂਡ ਕੀਤਾ ਸੀ।
ਸੂਤਰਾਂ ਅਨੁਸਾਰ ਅੰਮ੍ਰਿਤਸਰ ਦੇ ਵੱਡੇ ਵਪਾਰਕ ਅਦਾਰਿਆਂ ਵੱਲੋਂ ਉਕਤ ਦੋਵਾਂ ਅਧਿਕਾਰੀਆਂ ਖਿਲਾਫ ਕੇਂਦਰੀ ਵਿੱਤ ਮੰਤਰਾਲੇ 'ਚ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸੀ. ਬੀ. ਡੀ. ਟੀ. ਨੂੰ ਸੌਂਪ ਦਿੱਤਾ ਗਿਆ। ਸ਼ੁਰੂਆਤੀ ਜਾਂਚ ਤੋਂ ਬਾਅਦ ਦੋਵਾਂ ਅਧਿਕਾਰੀਆਂ ਨੂੰ ਵਾਰੀ-ਵਾਰੀ ਸਸਪੈਂਡ ਕੀਤਾ ਗਿਆ। ਇਸ ਮਾਮਲੇ 'ਚ ਅਜੇ ਚਾਰਜਸ਼ੀਟ ਬਣਾਈ ਜਾ ਰਹੀ ਹੈ ਪਰ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਦੇ ਉੱਚ ਅਧਿਕਾਰੀਆਂ ਨੂੰ ਵੀ ਅਜੇ ਤੱਕ ਸੀ. ਬੀ. ਡੀ. ਟੀ. ਨੇ ਇਹ ਨਹੀਂ ਦੱਸਿਆ ਕਿ ਕਿਨ੍ਹਾਂ ਵਪਾਰਕ ਅਦਾਰਿਆਂ ਨੇ ਉਕਤ ਅਧਿਕਾਰੀਆਂ ਦੀ ਸ਼ਿਕਾਇਤ ਕੀਤੀ ਹੈ।
ਦੂਜੇ ਪਾਸੇ ਦੋਵਾਂ ਅਧਿਕਾਰੀਆਂ ਦਾ ਇਹੀ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹ ਤਾਂ ਈਮਾਨਦਾਰੀ ਨਾਲ ਕੁਝ ਵਪਾਰਕ ਅਦਾਰਿਆਂ ਦੀ ਜਾਂਚ ਕਰ ਰਹੇ ਸਨ। ਉਥੇ ਹੀ ਸੀ. ਬੀ. ਡੀ. ਟੀ. ਦੀ ਇਸ ਕਾਰਵਾਈ ਤੋਂ ਬਾਅਦ ਇਨਕਮ ਟੈਕਸ ਵਿਭਾਗ ਵਿਚ ਹਲਚਲ ਸ਼ੁਰੂ ਹੋ ਗਈ ਹੈ।
ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਦੇ ਬਕਾਇਆ ਫੰਡਾਂ ਦਾ ਮਾਮਲਾ ਪੀ. ਐਮ. ਮੋਦੀ ਕੋਲ ਚੁੱਕਣਗੇ ਕੈਪਟਨ
NEXT STORY