ਜਲੰਧਰ : ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ ’ਚ ਚੱਲ ਰਹੇ ਕਿਸਾਨ ਧਰਨੇ ’ਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਲੈ ਕੇ ਅਦਾਕਾਰ ਦੀਪ ਸਿੱਧੂ ਵੱਲੋਂ ਆਏ ਬਿਆਨ ਖ਼ਿਲਾਫ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਰਣਜੀਤ ਬਾਵਾ ਨੇ ਪੋਸਟ ’ਚ ਲਿਖਿਆ ਕਿ ਜਿਹੜਾ ਵੀ ਬੰਦਾ ਆਪਣੇ ਘਰੋਂ ਕਿਸੇ ਸੰਘਰਸ਼ ਲਈ ਨਿਕਲਦਾ ਹੈ, ਉਹਦਾ ਯੋਗਦਾਨ ਕਿਸਾਨੀ ਮੋਰਚੇ ’ਚ ਮੰਨਿਆ ਜਾਵੇਗਾ। ਸਾਰੇ ਪੰਜਾਬੀਆਂ ਨੇ ਅਤੇ ਦੂਸਰੇ ਸੂਬਿਆਂ ਦੇ ਕਿਸਾਨਾਂ ਨੇ ਇਸ ਮੋਰਚੇ ’ਚ ਬਿਨਾਂ ਕਿਸੇ ਪ੍ਰਵਾਹ ਦੇ ਸਾਥ ਦਿੱਤਾ ਤੇ ਜਿਹੜਾ ਵੀ ਮੋਰਚੇ ’ਚ ਜਾ ਕੇ ਜਾਨ ਗੁਆ ਗਿਆ, ਉਸ ਨੂੰ ਸ਼ਹੀਦ ਹੀ ਕਿਹਾ ਜਾਵੇਗਾ ਕਿਉਂਕਿ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਤੇ ਕਿਸਾਨੀ ਸੰਘਰਸ਼ ਲੇਖੇ ਆਪਣੀ ਜਾਨ ਲਾਈ।
ਬਾਵਾ ਨੇ ਅੱਗੇ ਲਿਖਿਆ ਕਿ ਜੇ ਉਨ੍ਹਾਂ ’ਚੋਂ ਕੋਈ ਵੀ ਆਪਣੇ ਘਰ ਹੁੰਦਾ ਤਾਂ ਠੰਡ ਦੌਰਾਨ ਰਜਾਈ ’ਚ ਪੈ ਸਕਦਾ ਸੀ ਤੇ ਗਰਮੀ ਦੌਰਾਨ ਏ. ਸੀ. ਅੱਗੇ ਬੈਠ ਕੇ ਆਰਾਮ ਕਰ ਸਕਦਾ ਸੀ ਪਰ ਉਥੇ ਬੈਠੇ ਕਿਸਾਨ ਵੀਰਾਂ ਨੇ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕੀਤੀ ਤੇ ਮੋਰਚੇ ਨਾਲ ਜੁੜੇ ਰਹੇ। ਉਹ ਦੁੱਖ-ਤਕਲੀਫ਼ਾਂ ਨਾਲ ਲੜਦੇ ਰਹੇ ਤੇ ਆਪਣੀ ਜਾਨ ਗੁਆ ਬੈਠੇ। ਅਖੀਰ ’ਚ ਉਨ੍ਹਾਂ ਸਾਰੇ ਕਿਸਾਨ ਭੈਣ-ਭਰਾਵਾਂ ਨੂੰ ਪ੍ਰਣਾਮ ਕੀਤਾ।
ਜ਼ਿਕਰਯੋਗ ਹੈ ਕਿ ਅਦਾਕਾਰ ਦੀਪ ਸਿੱਧੂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ, ਜਿਸ ’ਚ ਉਹ ਕਹਿ ਰਹੇ ਹਨ ਕਿ ਕਿਸਾਨੀ ਸੰਘਰਸ਼ ’ਚ ਬੈਠਾ ਜੋ ਕਿਸਾਨ ਮਰ ਜਾਂਦਾ ਹੈ, ਉਸ ਸ਼ਹਾਦਤ ਦਾ ਕੀ ਮੁੱਲ ਹੈ। ਕੋਈ ਬੀਮਾਰੀ ਨਾਲ ਜਾਂ ਕੋਈ ਦਿਲ ਦਾ ਦੌਰਾ ਪੈਣ ਨਾਲ ਮਰ ਗਿਆ, ਉਹ ਸ਼ਹੀਦ ਕਿਵੇਂ ਹੋ ਗਿਆ। ਸ਼ਹੀਦ ਦੀ ਪਰਿਭਾਸ਼ਾ ਤਾਂ ਸਾਨੂੰ ਪਤਾ ਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵਰੀਤ ਦੀ ਸ਼ਹਾਦਤ ਨੇ ਸਾਰਾ ਸੰਘਰਸ਼ ਹਿਲਾ ਦਿੱਤਾ ਸੀ, ਜੇਕਰ 40 ਜਣੇ ਸ਼ਹਾਦਤ ਦਾ ਜਜ਼ਬਾ ਲੈ ਕੇ ਤੁਰ ਪਏ ਤਾਂ ਉਨ੍ਹਾਂ ਨੇ ਕੀ-ਕੁਝ ਦੇਣਾ ਸੀ।
ਫਾਜ਼ਿਲਕਾ 'ਚ ਭਾਰਤ-ਪਾਕਿ ਸਰਹੱਦ 'ਤੇ ਬਰਾਮਦ ਹੋਈ 42 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਹੈਰੋਇਨ
NEXT STORY