ਲੰਡਨ (ਸਰਬਜੀਤ ਸਿੰਘ ਬਨੂੜ) : ਵਰਲਡ ਸਿੱਖ ਪਾਰਲੀਮੈਂਟ ਨੇ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਖੇ ਪੰਜਾਬ ਪੁਲਸ ਵੱਲੋਂ ਇੱਕ ਨਿਰਦੋਸ਼ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਐਨਕਾਊਂਟਰ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ, ਸਗੋਂ 'ਪੁਲਸ ਦੀ ਗੁੰਡਾਗਰਦੀ' ਅਤੇ 'ਸਰਕਾਰੀ ਦਹਿਸ਼ਤਗਰਦੀ' ਦਾ ਨੰਗਾ ਨਾਚ ਚੱਲ ਰਿਹਾ ਹੈ।
ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਮਨਬੀਰ ਸਿੰਘ ਕੈਨੇਡਾ ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ, ਭਾਈ ਜਤਿੰਦਰ ਸਿੰਘ, ਭਾਈ ਸਤਨਾਮ ਸਿੰਘ ਫਰਾਂਸ, ਹਰਜੋਤ ਸਿੰਘ ਹਾਲੈਡ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਪੁਲਸ ਤੇ ਮੌਜੂਦਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਤੇ ਸਿੱਖ ਕੌਮ ਨੂੰ ਵਿਸ਼ਵ ਪੱਧਰ 'ਤੇ ਬਦਨਾਮ ਕਰਨ ਲਈ 'ਆਈ.ਐੱਸ.ਆਈ' ਵਰਗੀਆਂ ਖੁਫੀਆ ਏਜੰਸੀਆਂ ਦੇ ਨਾਮ ਦੀ ਦੁਰਵਰਤੋਂ ਕਰ ਰਹੀ ਹੈ। ਨੌਜਵਾਨਾਂ ਨੂੰ ਮਾਰ ਕੇ ਉਨ੍ਹਾਂ 'ਤੇ ਵਿਦੇਸ਼ੀ ਏਜੰਸੀਆਂ ਦੇ ਏਜੰਟ ਹੋਣ ਦਾ ਲੇਬਲ ਲਗਾਉਣਾ ਪੰਜਾਬ ਪੁਲਸ ਦੀ ਪੁਰਾਣੀ ਅਤੇ ਘਿਣਾਉਣੀ ਫਿਤਰਤ ਰਹੀ ਹੈ।
ਪੰਜਾਬ ਪੁਲਸ ਦਾ ਇਤਿਹਾਸ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਨਾਲ ਭਰਿਆ ਪਿਆ ਹੈ। 90ਵਿਆਂ ਦੇ ਦੌਰ ਵਿੱਚ ਜਿਸ ਤਰ੍ਹਾਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਪਾ ਦਿੱਤਾ ਗਿਆ ਸੀ, ਅੱਜ ਫਿਰ ਉਹੀ ਦੌਰ ਭਗਵੰਤ ਮਾਨ ਸਰਕਾਰ ਵੱਲੋਂ ਦੁਹਰਾਇਆ ਜਾ ਰਿਹਾ ਹੈ। ਪਿਛਲੇ ਸਿਰਫ ਤਿੰਨ ਮਹੀਨਿਆਂ ਵਿੱਚ ਪੰਜਾਬ ਪੁਲਸ ਦੀ ਹਿਰਾਸਤ ਵਿੱਚੋਂ ਤਿੰਨ ਦਰਜਨ ਦੇ ਕਰੀਬ ਨੌਜਵਾਨ ਕੱਢ ਕੇ ਮਾਰ ਦਿੱਤੇ ਗਏ ਹਨ, ਪੁਲਸ ਵੱਲੋਂ ਇੱਕੋ ਝੂਠੀ ਕਹਾਣੀ ਸੁਣਾਈ ਜਾਂਦੀ ਹੈ ਕਿ 'ਹਥਿਆਰਾਂ ਦੀ ਬਰਾਮਦਗੀ ਵੇਲੇ ਮੁਲਜ਼ਮ ਨੇ ਗੋਲੀ ਚਲਾਈ ਅਤੇ ਜਵਾਬੀ ਫਾਇਰਿੰਗ ਵਿੱਚ ਮਾਰਿਆ ਗਿਆ। ਪੰਜਾਬ ਦੇ ਸਿੱਖ ਸਮਝ ਚੁੱਕੇ ਹਨ ਕਿ ਇਹ ਸਕ੍ਰਿਪਟ ਹੁਣ ਸਿੱਖ ਨੌਜਵਾਨੀ ਦਾ ਘਾਣ ਕਰਨ ਅਤੇ ਸਿੱਖਾਂ ਦੀ ਹੱਕੀ ਅਵਾਜ਼ ਨੂੰ ਦਬਾਉਣ ਲਈ ਹੈ।
ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਜੇ ਸਰਕਾਰ ਦੀਆਂ ਨਜ਼ਰਾਂ ਵਿੱਚ ਜੇਕਰ ਕੋਈ ਦੋਸ਼ੀ ਹੈ, ਤਾਂ ਉਸ 'ਤੇ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇ ਪਰ ਜੋ ਸਰਕਾਰਾਂ ਲੋਕਾਂ ਨੂੰ ਅਖੌਤੀ 'ਕਾਨੂੰਨ ਦੀ ਪਾਲਣਾ' ਕਰਨ ਦੇ ਉਪਦੇਸ਼ ਦਿੰਦੀਆਂ ਹਨ, ਉਹ ਸਿੱਖ ਨੌਜਵਾਨੀ ਦਾ ਘਾਣ ਕਰਨ ਲਈ ਖੁਦ ਸੰਵਿਧਾਨ ਅਤੇ ਕਾਨੂੰਨ ਨੂੰ ਆਪਣੇ ਬੂਟਾਂ ਹੇਠ ਮਿੱਧ ਰਹੀਆਂ ਹਨ। ਗੈਂਗਸਟਰਾਂ ਦੇ ਨਾਮ ਹੇਠ ਸਿੱਖ ਜਵਾਨੀ ਦਾ ਘਾਣ ਕਰਕੇ ਮੌਜੂਦਾ ਹਾਕਮ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ ਅਤੇ ਸਿੱਖ ਨੌਜਵਾਨੀ ਦੀਆਂ ਹੱਕੀ ਮੰਗਾਂ ਅਤੇ ਉਹਨਾਂ ਦੀ ਅਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ।
ਵਰਲਡ ਸਿੱਖ ਪਾਰਲੀਮੈਂਟ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਰਣਜੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਹੋ ਰਹੇ ਸਾਂਝੇ ਸੰਘਰਸ਼ਾਂ ਦਾ ਹਿੱਸਾ ਬਣਨ।
ਆਗੂਆਂ ਨੇ ਕਿਹਾ ਕਿ ਬੀ ਜੇ ਪੀ ਸਰਕਾਰ ਦੀ ਗੋਦੀ ਚੜ੍ਹ ਚੁੱਕੇ ਸਿੱਖ ਆਗੂਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਸਿੱਖ ਨੌਜਵਾਨੀ ਦੇ ਹੋ ਰਹੇ ਕਤਲੇਆਮ ਦਾ ਹਿੱਸਾ ਨਾ ਬਨਣ। ਜੇਕਰ ਅੱਜ ਅਸੀਂ ਇਸ ਸਰਕਾਰੀ ਜਬਰ ਵਿਰੁੱਧ ਆਵਾਜ਼ ਨਾ ਉਠਾਈ, ਤਾਂ ਇਹ ਝੂਠੇ ਮੁਕਾਬਲਿਆਂ ਦੀ ਲੀਹ ਪੱਕੀ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਨਾਂ ITax ਦੇ ਇਹ ਸ਼ਹਿਰ ਕਿਵੇਂ ਬਣਿਆ ਇੰਨਾ ਅਮੀਰ? ਸਰਕਾਰ ਕਰਦੀ ਹੈ ਅਰਬਾਂ ਦੀ ਕਮਾਈ
NEXT STORY