ਫਰੀਦਕੋਟ (ਰਾਜਨ) : ਜ਼ਿਲ੍ਹੇ ਅੰਦਰ ਇਮੀਗਰੇਸ਼ਨ ਦਾ ਕੰਮ ਕਰਦੇ ਇਕ ਵਿਅਕਤੀ ਨੂੰ ਕਿਸੇ ਵੱਟਸਐਪ ਨੰਬਰ ਰਾਹੀਂ 10 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਦੋਸ਼ੀ ਵੱਲੋਂ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਪਰਿਵਾਰ ਨੂੰ ਨੁਕਸਾਨ ਦੇਣ ਦੀ ਧਮਕੀ ਵੀ ਦਿੱਤੀ ਗਈ ਸੀ। ਇਹ ਜਾਣਕਾਰੀ ਐੱਸ.ਪੀ. (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਐੱਸ.ਐੱਸ.ਪੀ. ਡਾ. ਪ੍ਰੱਗਿਆ ਜੈਨ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਵਤਾਰ ਸਿੰਘ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਫਰੀਦਕੋਟ ਅਤੇ ਤਰਲੋਚਨ ਸਿੰਘ ਡੀ.ਐੱਸ.ਪੀ. (ਫਰੀਦਕੋਟ) ਦੀ ਨਿਗਰਾਨੀ ਹੇਠ ਥਾਣਾ ਸਿਟੀ ਫਰੀਦਕੋਟ ਅਤੇ ਸੀ.ਆਈ.ਏ. ਸਟਾਫ ਦੀਆਂ ਟੀਮਾਂ ਵੱਲੋਂ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ।
ਪੁਲਸ ਨੇ ਇਸ ਮਾਮਲੇ ਵਿਚ ਦੋਸ਼ੀ ਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਨੂੰ ਮਹਿਜ਼ ਚੰਦ ਘੰਟਿਆਂ ਅੰਦਰ ਹੀ ਫਰੀਦਕੋਟ ਦੇ ਕੰਮੇਆਣਾ ਚੌਕ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਸ਼ਾਤਰ ਕਿਸਮ ਦਾ ਵਿਅਕਤੀ ਹੈ। ਜਿਸ ਵੱਲੋਂ ਫਿਰੌਤੀ ਦੀ ਮੰਗ ਲਈ ਵਰਤਿਆ ਗਿਆ ਵੱਟਸਐਪ ਮੋਬਾਈਲ ਨੰਬਰ ਕਿਸੇ ਮੈਸੇਜਿੰਗ ਐਪ ‘ਤੇ ਕਿਸੇ ਪਾਸੋਂ ਧੋਖੇ ਨਾਲ ਓ.ਟੀ.ਪੀ. ਲੈ ਕੇ ਆਪਣੇ ਆਪ ਵਰਤਿਆ ਜਾ ਰਿਹਾ ਸੀ, ਜਿਸ ਦੀ ਵਰਤੋਂ ਇਸ ਵੱਲੋਂ ਫਿਰੌਤੀ ਮੰਗਣ ਲਈ ਕੀਤੀ ਗਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦੋਸ਼ੀ ਵੱਲੋਂ ਦੁਕਾਨ ਦੇ ਬਾਹਰ ਲੱਗੇ ਸ਼ਟਰ ਅਤੇ ਫ਼ਲੈਕਸ ਬੋਰਡਾਂ ਪਾਸੋਂ ਲਿਖੇ ਨੰਬਰ ਲੈ ਕੇ ਇਮੀਗਰੇਸ਼ਨ ਮਾਲਕ ਨੂੰ ਧਮਕੀ ਦਿੱਤੀ ਗਈ ਸੀ।
ਦੋਸ਼ੀ ਦਾ ਪੁਰਾਣਾ ਰਿਕਾਰਡ ਵੀ ਕ੍ਰਿਮਿਨਲ ਹੈ। ਇਸ ਦੇ ਖ਼ਿਲਾਫ਼ ਪਹਿਲਾਂ ਵੀ ਫਿਰੌਤੀ ਮੰਗਣ ਅਤੇ ਨਸ਼ੇ ਦੀ ਤਸਕਰੀ ਸਬੰਧੀ 3 ਮਾਮਲੇ ਦਰਜ ਹਨ। ਫਰੀਦਕੋਟ ਪੁਲਸ ਵੱਲੋਂ ਇਸ ਸਬੰਧੀ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 444 ਅਧੀਨ ਧਾਰਾ 308(4), 351(2) ਬੀ.ਐੱਨ.ਐੱਸ. ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਧੀਆਂ ਦੇ ਵਿਆਹ ਕਰੇਗਾ ਸਰਬੱਤ ਦਾ ਭਲਾ ਟਰੱਸਟ
NEXT STORY