ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ’ਚ ਬੁੱਧਵਾਰ ਨੂੰ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ। ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਰਾਤ ਤੱਕ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 10 ਡਿਗਰੀ ਘੱਟ ਹੈ। ਪਿਛਲੇ ਤਿੰਨ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਡਿੱਗ ਰਿਹਾ ਹੈ, ਜਿਸ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਜਨਵਰੀ ’ਚ ਦਿਨ ਦੇ ਤਾਪਮਾਨ ’ਚ ਇੰਨੀ ਤੇਜ਼ੀ ਨਾਲ ਗਿਰਾਵਟ ਆਈ ਹੈ। ਪਹਿਲਾਂ, ਦਸੰਬਰ ’ਚ ਆਮ ਤੌਰ ’ਤੇ ਇੰਨੀ ਤੇਜ਼ ਠੰਡ ਦਰਜ ਕੀਤੀ ਜਾਂਦੀ ਸੀ। ਮਾਘੀ ’ਤੇ ਦਿਨ ਭਰ ਠੰਡੀਆਂ ਹਵਾਵਾਂ ਤੇ ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਰਿਹਾ। ਵਾਹਨਾਂ ਚਾਲਕਾਂ ਨੂੰ ਦਿਨ ਵੇਲੇ ਹੀ ਹੈੱਡਲਾਈਟਾਂ ਜਗਾ ਕੇ ਗੱਡੀ ਚਲਾਉਣੀ ਪਈ। ਦਫ਼ਤਰ ਜਾਣ ਵਾਲਿਆਂ, ਸਕੂਲ ਬੱਸਾਂ ਅਤੇ ਜਨਤਕ ਆਵਾਜਾਈ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੁੱਧਵਾਰ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਵੀਰਵਾਰ ਲਈ ਸੰਘਣੀ ਧੁੰਦ ਲਈ ਆਰੈਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। 18 ਜਨਵਰੀ ਤੋਂ 20 ਜਨਵਰੀ ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ’ਚ ਹਲਕੀ ਬਾਰਸ਼ ਦੀ ਵੀ ਉਮੀਦ ਹੈ। ਅਗਲੇ ਪੰਜ ਦਿਨਾਂ ’ਚ ਸ਼ਹਿਰ ਦੇ ਘੱਟੋ-ਘੱਟ ਤਾਪਮਾਨ ’ਚ 3 ਤੋਂ 5 ਡਿਗਰੀ ਦੀ ਗਿਰਾਵਟ ਆਉਣ ਦੀ ਉਮੀਦ ਹੈ।
ਜਨਵਰੀ ’ਚ ਅਸਾਧਾਰਨ ਗਿਰਾਵਟ
ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਨੂੰ ਦਰਜ ਕੀਤੇ ਗਏ ਤਾਪਮਾਨ ਨੇ ਪਿਛਲੇ 13 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਚੰਡੀਗੜ੍ਹ ’ਚ ਦਿਨ ਦਾ ਤਾਪਮਾਨ 25 ਦਸੰਬਰ ਨੂੰ 9 ਡਿਗਰੀ ਤੇ 2019 ’ਚ 27 ਦਸੰਬਰ ਨੂੰ 8.8 ਡਿਗਰੀ ਤੱਕ ਪਹੁੰਚ ਗਿਆ ਸੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਜਲਵਾਯੂ ਪੈਟਰਨਾਂ ’ਚ ਤਬਦੀਲੀ ਵੱਲ ਵੀ ਇਸ਼ਾਰਾ ਕਰਦੀ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਬੱਦਲਵਾਈ ਰਹਿਣ ਦੀ ਉਮੀਦ ਹੈ। ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਹੋ ਸਕਦਾ ਹੈ।
ਭਾਜਪਾ ਦਾ ਦੋਸ਼- ਗੁਰੂਆਂ ਦਾ ਅਪਮਾਨ ਕਰਕੇ ਆਤਿਸ਼ੀ ਹੋਈ ਫ਼ਰਾਰ, ਕੇਜਰੀਵਾਲ ਤੇ ਮਾਨ ਚੁੱਪ ਕਿਉਂ
NEXT STORY