ਬਠਿੰਡਾ, (ਆਜ਼ਾਦ)- ਸ਼ਹਿਰ ਦੇ ਆਸ-ਪਾਸ ਲੱਗੇ ਕਸਬਿਆਂ 'ਚ ਖੁੱਲ੍ਹੇਆਮ ਝੋਲਾਛਾਪ ਡਾਕਟਰ ਇਲਾਜ ਦੇ ਨਾਮ 'ਤੇ ਲੋਕਾਂ ਦੇ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਸਿਹਤ ਵਿਭਾਗ ਵੱਲੋਂ ਕਾਰਵਾਈ ਨਾ ਕਰਨ ਕਾਰਨ ਝੋਲਾਛਾਪ ਡਾਕਟਰਾਂ ਦਾ ਧੰਦਾ ਕਾਫੀ ਵਧ-ਫੁੱਲ ਰਿਹਾ ਹੈ। ਕਥਿਤ ਡਾਕਟਰ ਬਿਨਾਂ ਡਿਗਰੀ ਦੇ ਹੀ ਲੋਕਾਂ ਦੀ ਨਬਜ਼ ਟਟੋਲ ਕੇ ਮੋਟੀ ਕਮਾਈ ਕਰ ਰਹੇ ਹਨ। ਗੰਭੀਰ ਰੋਗੀਆਂ ਦੀ ਜ਼ਿੰਦਗੀ ਵੀ ਝੋਲਾਛਾਪ ਡਾਕਟਰਾਂ ਦੇ ਹੱਥਾਂ 'ਚ ਹੈ, ਇਸ ਨੂੰ ਕਦੇ ਵੀ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਕਿਉਂਕਿ ਇਨ੍ਹਾਂ ਕੋਲ ਅਜਿਹੀਆਂ ਦਵਾਈਆਂ ਦੀ ਡਿਗਰੀ ਨਹੀਂ, ਜਿਨ੍ਹਾਂ ਦੀ ਮਦਦ ਨਾਲ ਇਹ ਇਲਾਜ ਨੂੰ ਸੰਭਵ ਕਰਨ। ਸਿਰਫ ਨਬਜ਼ ਦੇਖ ਕੇ ਬੀਮਾਰੀ ਲੱਭਦੇ ਹਨ ਤੇ ਦਵਾਈਆਂ ਦੇ ਨਾਮ 'ਤੇ ਪੁੜੀਆਂ ਦਿੰਦੇ ਹਨ, ਜਿਸ 'ਚ ਕੈਮੀਕਲ ਅਤੇ ਪ੍ਰਤੀਬੰਧਿਤ ਦਵਾਈਆਂ ਦਾ ਵੀ ਉਪਯੋਗ ਕੀਤਾ ਜਾਂਦਾ ਹੈ। ਜਦ ਮਰੀਜ਼ ਦੀ ਹਾਲਤ ਨਾਜ਼ੁਕ ਹੋ ਜਾਂਦੀ ਹੈ ਤਾਂ ਹੀ ਉਸ ਨੂੰ ਵੱਡੇ ਹਸਪਤਾਲ 'ਚ ਲਿਆਂਦਾ ਜਾਂਦਾ ਹੈ। ਕਈ ਤਾਂ ਝੋਲਾਛਾਪ ਡਾਕਟਰਾਂ, ਵੈਦਾਂ ਦੇ ਚੱਕਰ 'ਚ ਜਾਨ ਵੀ ਗਵਾ ਦਿੰਦੇ ਹਨ। ਅੱਜ-ਕੱਲ ਤਾਂ ਇਹ ਝੋਲਾਛਾਪ ਡਾਕਟਰ ਜੋੜਾਂ, ਹੱਡੀਆਂ ਦੇ ਦਰਦ, ਮੋਟਾਪਾ, ਮਰਦਾਨਾ ਕਮਜ਼ੋਰੀ, ਪੇਸ਼ਾਬ ਰੋਗ, ਬਾਂਝਪਨ ਆਦਿ ਦੀ ਦਵਾਈ ਵੀ ਦੇ ਰਹੇ ਹਨ ਤੇ ਬਿਨਾਂ ਸਰਜਰੀ ਗੋਡਿਆਂ ਦਾ ਇਲਾਜ ਕਰ ਰਹੇ ਹਨ। ਸਿਹਤ ਵਿਭਾਗ ਵੱਲੋਂ ਪਹਿਲਾਂ ਝੋਲਾਛਾਪ ਡਾਕਟਰਾਂ ਦੇ ਖਿਲਾਫ ਜਾਂਚ ਅਭਿਆਨ ਵੀ ਚਲਾਇਆ ਗਿਆ ਪਰ ਕਿਸੇ 'ਤੇ ਪੁਖਤਾ ਕਾਰਵਾਈ ਨਹੀਂ ਹੋ ਸਕੀ। ਸਿਹਤ ਵਿਭਾਗ ਦੀ ਅਣਦੇਖੀ ਦੇ ਕਾਰਨ ਹੀ ਝੋਲਾਛਾਪ ਡਾਕਟਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ।
ਸ਼ਹਿਰ 'ਚ 2000 ਝੋਲਾਛਾਪ ਡਾਕਟਰ ਹਨ ਸਰਗਰਮ
ਸ਼ਹਿਰ ਤੇ ਪਿੰਡਾਂ 'ਚ ਕਿੰਨੇ ਛੋਲਾਛਾਪ ਡਾਕਟਰ ਹਨ, ਇਸ ਦੀ ਜਾਂਚ ਲਈ ਜਦ ਜਗ ਬਾਣੀ ਦੀ ਟੀਮ ਨੇ ਸ਼ਹਿਰ ਅਤੇ ਪਿੰਡਾਂ ਦਾ ਦੌਰਾ ਕਰ ਕੇ ਜੋ ਅੰਕੜੇ ਇਕੱਠੇ ਕੀਤੇ ਹਨ ਉਹ ਹੈਰਾਨ ਕਰਨ ਵਾਲੇ ਹਨ। ਜ਼ਿਲਾ ਬਠਿੰਡਾ 'ਚ ਲਗਭਗ 2000 ਝੋਲਾਛਾਪ ਡਾਕਟਰ ਬੀਮਾਰ ਲੋਕਾਂ ਦੀ ਨਬਜ਼ ਦੇਖ ਰਹੇ ਹਨ। ਗਰੀਬ ਅਜੇ ਵੀ ਇਨ੍ਹਾਂ ਦੇ ਮੱਕੜ ਜਾਲ 'ਚ ਫਸੇ ਹੋਏ ਹਨ। ਸਸਤੇ ਇਲਾਜ ਦੇ ਨਾਮ 'ਤੇ ਉਹ ਠੱਗੇ ਜਾਂਦੇ ਹਨ।
ਜਾਂਚ ਦੇ ਨਾਂ 'ਤੇ ਮੋਟੀ ਕਮਾਈ ਕਰਦੇ ਹਨ ਅਧਿਕਾਰੀ
ਨਥਾਣਾ ਦੇ ਇਕ ਝੋਲਾਛਾਪ ਡਾਕਟਰ ਨੇ ਦੱਸਿਆ ਕਿ ਜੇਕਰ ਕੋਈ ਅਧਿਕਾਰੀ ਸਾਡੀ ਡਿਸਪੈਂਸਰੀ 'ਤੇ ਆ ਕੇ ਡਾਕਟਰੀ ਦੇ ਸਰਟੀਫਿਕੇਟ ਮੰਗਣ ਲੱਗਦਾ ਹੈ ਤਾਂ ਮੈਂ ਸਮਝ ਜਾਂਦਾ ਹਾਂ ਕਿ ਇਸ ਨੂੰ ਪੈਸਾ ਚਾਹੀਦਾ ਹੈ। ਪੈਸੇ ਦੇਣ ਦੇ ਬਾਅਦ ਅਧਿਕਾਰੀ ਕੁਝ ਨਹੀਂ ਕਹਿੰਦਾ, ਸਿਰਫ ਇੰਨਾ ਹੀ ਕਹਿੰਦਾ ਕਿ ਅੱਗੇ ਤੋਂ ਕਿਸੇ ਰੋਗੀ ਨੂੰ ਨਹੀਂ ਵੇਖਣਾ, ਨਹੀਂ ਤਾਂ ਤੁਹਾਡੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿਛਲੇ 10 ਸਾਲਾਂ ਤੋਂ ਇਕ ਹੀ ਸ਼ਬਦ ਸੁਣਨ ਦੇ ਆਦੀ ਹੋ ਚੁੱਕੇ ਹਾਂ, ਜਦਕਿ ਇਨ੍ਹਾਂ ਨੇ ਤਾਂ ਮਹੀਨਾ ਵਸੂਲੀ ਕਰਨੀ ਹੁੰਦੀ ਹੈ, ਜਾਂਚ ਦੇ ਨਾਮ 'ਤੇ ਉਹ ਕੁਝ ਨਹੀਂ ਕਰਦੇ।
ਝੋਲਾਛਾਪ ਡਾਕਟਰਾਂ ਨੂੰ ਦੇਣਾ ਪੈਂਦਾ ਹੈ ਹਫ਼ਤਾ
ਤਲਵੰਡੀ ਸਾਬੋ ਦੇ ਇਕ ਝੋਲਾਛਾਪ ਡਾਕਟਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੂੰ ਹਰ ਮਹੀਨੇ 1000 ਰੁਪਏ ਦੇਣੇ ਪੈਂਦੇ ਹਨ, ਤਦ ਰੋਗੀਆਂ ਨੂੰ ਵੇਖਣ ਦਿੰਦੇ ਹਨ। ਜੇਕਰ ਇਨ੍ਹਾਂ ਅਧਿਕਾਰੀਆਂ ਨੂੰ ਪੈਸਾ ਨਹੀਂ ਦਿੱਤਾ ਗਿਆ ਤਾਂ ਸਾਡੀਆਂ ਯੋਗਤਾਵਾਂ ਨੂੰ ਜਾਂਚਦੇ ਹਨ ਨਹੀਂ ਤਾਂ ਕੋਈ ਨਹੀਂ ਪੁੱਛਦਾ ਕਿ ਕੌਣ ਕੀ ਕਰ ਰਿਹਾ ਹੈ। ਲੱਖਾਂ ਦੀ ਕਮਾਈ ਕਰਨ ਵਾਲੇ ਝੋਲਾਛਾਪ ਡਾਕਟਰ ਜੇਕਰ ਇਸ 'ਚੋਂ ਕੁਝ ਹਿੱਸਾ ਅਧਿਕਾਰੀਆਂ ਨੂੰ ਸੌਂਪ ਦਿੰਦੇ ਹਨ ਤਦ ਵੀ ਇਨ੍ਹਾਂ ਦਾ ਧੰਦਾ ਲਾਭਦਾਇਕ ਹੈ। ਇੰਨਾ ਹੀ ਨਹੀਂ ਗੰਭੀਰ ਰੋਗੀਆਂ ਨੂੰ ਵੱਡੇ ਹਸਪਤਾਲ 'ਚ ਰੈਫਰ ਕਰ ਕੇ ਉਨ੍ਹਾਂ ਤੋਂ ਵੀ ਇਹ ਮੋਟੀ ਕਮੀਸ਼ਨ ਵਸੂਲਦੇ ਹਨ ਅਤੇ ਸਾਰਾ ਬੋਝ ਰੋਗੀ 'ਤੇ ਹੀ ਪੈਂਦਾ ਹੈ। ਵੱਡੇ ਹਸਪਤਾਲਾਂ 'ਚ ਵੀ ਰੋਗੀਆਂ ਤੋਂ ਦੁੱਗਣੀ ਕੀਮਤ ਵਸੂਲੀ ਜਾਂਦੀ ਹੈ ਕਿਉਂਕਿ ਇਕ ਹਿੱਸਾ ਉਨ੍ਹਾਂ ਨੂੰ ਮਰੀਜ਼ ਭੇਜਣ ਵਾਲੇ ਡਾਕਟਰ ਨੂੰ ਦੇਣਾ ਪੈਂਦਾ ਹੈ। ਸਰਕਾਰ ਨੇ ਚਿਕਿਤਸਾ ਦੇ ਸਬੰਧ 'ਚ ਕੁਝ ਨਿਯਮ ਵੀ ਬਣਾਏ ਹਨ ਪਰ ਲਾਗੂ ਨਹੀਂ ਹੋ ਰਹੇ। ਬੇਸ਼ੱਕ ਕੇਂਦਰ ਸਰਕਾਰ ਨੇ ਇਲਾਜ ਸਸਤਾ ਕੀਤਾ, ਦਵਾਈਆਂ ਵੀ ਸਸਤੀਆਂ ਕੀਤੀਆਂ ਪਰ ਟੈਸਟਾਂ ਦੇ ਨਾਮ 'ਤੇ ਰੋਗੀ ਦੀ ਚਮੜੀ ਤੱਕ ਉਤਾਰੀ ਜਾਂਦੀ ਹੈ।
ਕਿਨ੍ਹਾਂ ਬੀਮਾਰੀਆਂ ਦਾ ਕਰਦੇ ਹਨ ਇਲਾਜ
ਵੇਖਿਆ ਜਾਵੇ ਤਾਂ ਝੋਲਾਛਾਪ ਡਾਕਟਰ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਹਨ, ਜਿਨ੍ਹਾਂ 'ਚ ਮੋਟਾਪਾ, ਗੋਡਿਆਂ ਦਾ ਦਰਦ, ਰੀੜ੍ਹ ਦੀ ਹੱਡੀ ਦਾ ਦਰਦ, ਜੋੜਾਂ ਦਾ ਦਰਦ, ਵਾਲਾਂ ਦਾ ਝੜਨਾ, ਮਰਦਾਨਾ ਕਮਜ਼ੋਰੀ, ਬਾਂਝਪਨ, ਦਮਾ, ਸਾਹ ਫੁੱਲਣਾ, ਸਫੈਦ ਦਾਗ, ਲਿਕੋਰੀਆ, ਸ਼ੂਗਰ ਆਦਿ ਸ਼ਾਮਲ ਹਨ। ਇਨ੍ਹਾਂ ਲਈ ਵਿਗਿਆਪਨਾਂ 'ਤੇ ਵੀ ਪੂਰਾ ਖਰਚ ਕਰਦੇ ਹਨ। ਇੰਨਾ ਹੀ ਨਹੀਂ ਟੀ. ਵੀ. ਚੈਨਲ ਤੱਕ 'ਤੇ ਇਨ੍ਹਾਂ ਦੀ ਮਸ਼ਹੂਰੀ ਵੇਖੀ ਜਾ ਸਕਦੀ ਹੈ। ਹੁਣ ਤਾਂ ਟੀ. ਵੀ. 'ਤੇ ਵੀ ਰੋਜ਼ਾਨਾ ਨਵੇਂ-ਨਵੇਂ ਡਾਕਟਰ ਇਲਾਜ ਅਤੇ ਦਵਾਈਆਂ ਲਈ ਮਾਰਕੀਟਿੰਗ ਕਰਦੇ ਵਿਖਾਈ ਦਿੰਦੇ ਹਨ। ਇਨ੍ਹਾਂ ਦੇ ਝਾਂਸੇ 'ਚ ਕਈ ਲੋਕ ਫਸਦੇ ਰਹਿੰਦੇ ਹਨ, ਜ਼ਿਆਦਾਤਰ ਉਹ ਲੋਕ ਹੁੰਦੇ ਹਨ ਜੋ ਆਨਲਾਈਨ ਦਵਾਈ ਮੰਗਵਾ ਲੈਂਦੇ ਹਨ ਪਰ ਫਰਕ ਕੋਈ ਨਹੀਂ ਪੈਂਦਾ।
ਕੀ ਕਹਿੰਦੇ ਹਨ ਸਿਵਲ ਸਰਜਨ
ਝੋਲਾਛਾਪ ਡਾਕਟਰਾਂ ਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਹੈ, ਪੰਜਾਬ ਸਰਕਾਰ ਨੇ ਇਨ੍ਹਾਂ 'ਤੇ ਕੋਈ ਰੋਕ ਨਹੀਂ ਲਗਾ ਰੱਖੀ। ਝੋਲਾਛਾਪ ਡਾਕਟਰਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਸਰਕਾਰ ਵੱਲੋਂ ਕੋਈ ਅਜਿਹਾ ਨਿਰਦੇਸ਼ ਨਹੀਂ ਮਿਲਿਆ ਕਿ ਇਨ੍ਹਾਂ 'ਤੇ ਛਾਪੇ ਮਾਰੇ ਜਾਣ। ਪਿਛਲੇ ਇਕ ਸਾਲ ਤੋਂ ਕੋਈ ਛਾਪੇਮਾਰੀ ਨਹੀਂ ਹੋਈ। ਜੇਕਰ ਕਿਸੇ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜ਼ਰੂਰ ਜਾਂਚ ਕੀਤੀ ਜਾਵੇਗੀ। ਜ਼ਿਆਦਾਤਰ ਝੋਲਾਛਾਪ ਡਾਕਟਰ ਦੇਸੀ ਦਵਾਈਆਂ ਨਾਲ ਇਲਾਜ ਕਰਨ ਦਾ ਦਾਅਵਾ ਕਰਦੇ ਹਨ, ਜਿਸ ਮਾਮਲੇ 'ਚ ਚਿਕਿਤਸਾ ਅਧਿਕਾਰੀ ਕੁਝ ਨਹੀਂ ਕਰ ਸਕਦੇ। ਇਸ ਦੇ ਲਈ ਅਲੱਗ ਤੋਂ ਆਯੁਰਵੈਦਿਕ ਵਿਭਾਗ ਹੈ, ਉਨ੍ਹਾਂ ਨੂੰ ਹੀ ਛਾਪੇਮਾਰੀ ਅਤੇ ਜਾਂਚ ਕਰਨ ਦਾ ਅਧਿਕਾਰ ਹੈ।
¸ਐੱਸ. ਐੱਨ. ਸਿੰਘ ਸਿਵਲ ਸਰਜਨ ਬਠਿੰਡਾ
ਕਰਜ਼ੇ ਤੋਂ ਪ੍ਰੇਸ਼ਾਨ 2 ਕਿਸਾਨਾਂ ਤੇ ਇਕ ਮਜ਼ਦੂਰ ਨੇ ਕੀਤੀ ਖੁਦਕੁਸ਼ੀ
NEXT STORY