ਜਲੰਧਰ (ਜ.ਬ.) - ਪੰਜਾਬ ਵਿਚ ਗੁਰਬਤ ਦੇ ਮਾਰੇ ਅਤੇ ਕਰਜ਼ੇ ਦੇ ਲਿਤਾੜੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਅੱਜ ਵੀ ਤਰਨਤਾਰਨ, ਮੋਗਾ ਅਤੇ ਅਬੋਹਰ ਵਿਖੇ 2 ਕਿਸਾਨਾਂ ਅਤੇ 4 ਧੀਆਂ ਦੇ ਬਾਪ ਇਕ ਮਜ਼ਦੂਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਤਰਨਤਾਰਨ/ਚੋਹਲਾ ਸਾਹਿਬ (ਰਾਕੇਸ਼, ਹਰਜਿੰਦਰ ਰਾਏ, ਬਲਵਿੰਦਰ ਕੌਰ)-ਅਨੁਸਾਰ ਤਰਨਤਾਰਨ ਦੇ ਪਿੰਡ ਜੋਹਲ ਢਾਏ ਵਾਲਾ ਵਿਖੇ ਇਕ ਗਰੀਬ ਕਿਸਾਨ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਭਰਾ ਜੋਗਾ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਮੁਖਤਿਆਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੋਹਲ ਢਾਏ ਵਾਲਾ, ਜਿਸ ਦੇ ਸਿਰ ਵੱਖ-ਵੱਖ ਬੈਂਕਾਂ ਅਤੇ ਆੜ੍ਹਤੀਆਂ ਦਾ ਤਕਰੀਬਨ 7-8 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਨਾ ਮੋੜ ਸਕਣ ਕਾਰਨ ਕਿਸਾਨ ਮੁਖਤਾਰ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਕਾਰਣ ਉਸ ਨੇ ਐਤਵਾਰ ਸਵੇਰੇ ਤਕਰੀਬਨ 4 ਵਜੇ ਪਸ਼ੂਆਂ ਵਾਲੇ ਕਮਰੇ ਵਿਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।।
ਸਮਾਲਸਰ ਤੋਂ (ਸੁਰਿੰਦਰ) ਅਨੁਸਾਰ ਪੁਲਸ ਥਾਣਾ ਸਮਾਲਸਰ ਅਧੀਨ ਆਉਂਦੇ ਪਿੰਡ ਵਾਂਦਰ ਵਿਖੇ ਅੱਜ ਸਵੇਰੇ ਤਕਰੀਬਨ 11:30 ਵਜੇ ਦੇ ਕਰੀਬ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਿਸਾਨ ਦਲੀਪ ਸਿੰਘ (55) ਪੁੱਤਰ ਗੁਰਦੇਵ ਸਿੰਘ ਵੱਲੋਂ ਆਪਣੀ ਲਾਇਸੈਂਸੀ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਮ੍ਰਿਤਕ ਦਲੀਪ ਸਿੰਘ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੀ ਦਵਾਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਚੱਲ ਰਹੀ ਸੀ ਅਤੇ ਉਸ ਨੇ ਆਪਣੇ ਇਕਲੌਤੇ ਪੁੱਤਰ ਦਾ ਤਕਰੀਬਨ 13 ਦਿਨ ਪਹਿਲਾਂ ਹੀ ਵਿਆਹ ਕੀਤਾ ਸੀ। ਪੁਲਸ ਨੇ ਕਿਹਾ ਕਿ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਅਬੋਹਰ ਤੋਂ ਭਾਰਦਵਾਜ ਅਨੁਸਾਰ— ਪਿੰਡ ਪੰਨੀਵਾਲਾ ਮਾਹਲਾ 'ਚ 4 ਧੀਆਂ ਦੇ ਪਿਤਾ ਨੇ ਆਰਥਿਕ ਤੰਗੀ ਕਾਰਨ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮੂਲ ਤੌਰ 'ਤੇ ਡਬਵਾਲੀ ਦੇ ਨੇੜੇ ਸਥਿਤ ਕਿਲਿਆਂਵਾਲੀ ਨਿਵਾਸੀ ਤੇ ਹਾਲ ਆਬਾਦ ਪੰਨੀਵਾਲਾ ਮਾਹਵਾ ਰਣਜੀਤ ਸਿੰਘ ਪੁੱਤਰ ਸੋਹਨ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੀਆਂ 4 ਧੀਆਂ ਤੇ 1 ਪੁੱਤਰ ਸਮੇਤ ਬਜ਼ੁਰਗ ਮਾਤਾ-ਪਿਤਾ ਤੇ ਪਰਿਵਾਰ ਦਾ ਪਾਲਣ- ਪੋਸ਼ਣ ਕਰ ਰਿਹਾ ਸੀ। ਬੀਤੀ ਰਾਤ ਉਸ ਨੇ ਆਪਣੇ ਘਰ ਦੇ ਨੇੜੇ ਸਥਿਤ ਆਪਣੇ ਮਾਲਕ ਨਛੱਤਰ ਸਿੰਘ ਦੇ ਖੇਤ 'ਚ ਦਰੱਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਥਾਣਾ ਇੰਚਾਰਜ ਬਲਵਿੰਦਰ ਸਿੰਘ ਟੋਹਰੀ, ਡੀ. ਐੱਸ. ਪੀ. ਗੁਰਬਿੰਦਰ ਸਿੰਘ ਸੰਘਾ, ਐੱਸ. ਆਈ. ਵਿਨੋਦ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਮੋਰਚਰੀ 'ਚ ਰਖਵਾਇਆ।
ਬਜ਼ੁਰਗ ਮਾਂ ਨਾਲ ਰਹਿੰਦੇ ਅੱਧਖੜ ਨੇ ਲਿਆ ਫਾਹਾ
NEXT STORY