ਜਲੰਧਰ (ਚਾਵਲਾ) - ਦਿੱਲੀ ਵਿਖੇ ਸਿਕਲੀਗਰ ਸਿੱਖਾਂ ਦੇ ਕਥਿਤ ਤੌਰ 'ਤੇ ਧਰਮ ਤਬਦੀਲ ਕਰਨ ਦੀਆਂ ਆ ਰਹੀਆਂ ਖਬਰਾਂ ਦਾ ਸਿਕਲੀਗਰ ਭਾਈਚਾਰੇ ਦੇ ਆਗੂਆਂ ਨੇ ਖੰਡਨ ਕੀਤਾ ਹੈ । ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਨਾਲ ਭਾਈਚਾਰੇ ਦੇ ਆਗੂ ਬਚਨ ਸਿੰਘ ਅਤੇ ਬਿਰਾਦਰੀ ਦੇ ਆਗੂਆਂ ਨੇ ਦਿੱਲੀ ਕਮੇਟੀ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਮ ਤਬਦੀਲੀ ਦੀ ਗੱਲ ਨੂੰ ਗਲਤ ਠਹਿਰਾਇਆ।
ਬਚਨ ਸਿੰਘ ਨੇ ਕਿਹਾ ਕਿ ਸਿਕਲੀਗਰ ਭਾਈਚਾਰੇ 'ਤੇ ਧਰਮ ਤਬਦੀਲੀ ਦੇ ਝੂਠੇ ਦੋਸ਼ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਏ ਹਨ। ਸੁਲਤਾਨਪੁਰੀ ਵਿਖੇ ਭਾਈਚਾਰੇ ਦੇ 3 ਫੀਸਦੀ ਅਤੇ ਕਲਿਆਣਪੁਰੀ ਵਿਖੇ 7 ਫੀਸਦੀ ਲੋਕਾਂ ਵੱਲੋਂ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ ਧਾਰਨ ਕਰਨ ਦੀਆਂ ਸਾਹਮਣੇ ਆਈਆਂ ਖਬਰਾਂ ਝੂਠੀਆਂ ਹਨ। ਕਲਿਆਣਪੁਰੀ ਵਿਖੇ ਸਾਡੀ ਪੜਤਾਲ 'ਚ ਅਜਿਹਾ ਇਕ ਵੀ ਮਾਮਲਾ ਸੱਚਾ ਸਾਬਤ ਨਹੀਂ ਹੋਇਆ ਜਦਕਿ ਸੁਲਤਾਨਪੁਰੀ ਵਿਖੇ ਅਜੇ ਵੀ ਸਾਡੀ ਪੜਤਾਲ ਜਾਰੀ ਹੈ। ਬਚਨ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਧਰਮ ਤਬਦੀਲੀ 'ਚ ਸਾਡੀ ਬਿਰਾਦਰੀ ਦਾ ਕੋਈ ਵੀ ਪਰਿਵਾਰ ਸ਼ਾਮਲ ਪਾਇਆ ਗਿਆ ਤਾਂ ਅਸੀਂ ਉਸ ਦਾ ਸਮਾਜਿਕ ਵਿਰੋਧ ਕਰਾਂਗੇ। ਅਸੀਂ ਕੱਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸੀ ਅਤੇ ਅੱਜ ਵੀ ਮੰਨਦੇ ਹਾਂ।
ਜੀ. ਕੇ. ਨੇ ਧਰਮ ਤਬਦੀਲੀ ਦੀਆਂ ਖ਼ਬਰਾਂ ਪਿੱਛੇ ਸਿਆਸੀ ਸਾਜ਼ਿਸ਼ ਹੋਣ ਵੱਲ ਇਸ਼ਾਰਾ ਕਰਦੇ ਹੋਏ ਪੱਤਰਕਾਰਾਂ ਨੂੰ ਇਸ ਦਿਸ਼ਾ 'ਚ ਵੀ ਪੜਤਾਲ ਕਰਨ ਦੀ ਅਪੀਲ ਕੀਤੀ। ਜੀ. ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੇ ਇਸਲਾਮ 'ਚ ਤਬਦੀਲੀ ਦੇ ਵਿਰੋਧ 'ਚ ਸ਼ਹੀਦੀ ਦਿੱਤੀ ਸੀ। ਇਸ ਕਰਕੇ ਕੋਈ ਸੱਚਾ ਸਿੱਖ ਧਰਮ ਤਬਦੀਲ ਨਹੀਂ ਕਰ ਸਕਦਾ । ਸਿੱਖ ਧਰਮ ਕੋਈ ਵਪਾਰ ਦਾ ਹਿੱਸਾ ਨਹੀਂ ਹੈ । ਸਗੋਂ ਸਿੱਖੀ ਆਪਣੇ ਆਪ ਨੂੰ ਸਮਰਪਿਤ ਕਰਕੇ ਪ੍ਰਾਪਤ ਹੁੰਦੀ ਹੈ।
ਜੀ. ਕੇ. ਨੇ ਕਿਹਾ ਕਿ ਜੇਕਰ ਕੁਝ ਪੈਸਿਆਂ ਕਰਕੇ ਕੋਈ ਆਪਣੇ ਧਰਮ ਦਾ ਈਮਾਨ ਵੇਚਦਾ ਹੈ ਤਾਂ ਅਜਿਹੇ ਵਿਕਾਊ ਲੋਕਾਂ ਲਈ ਸਿੱਖੀ ਦੇ ਰਾਹ ਬੰਦ ਹਨ। ਸਿੱਖ ਤਾਂ ਉਦੋਂ ਨਹੀਂ ਵਿਕੇ ਜਦੋਂ ਉਨ੍ਹਾਂ ਦੇ ਸਿਰਾਂ ਦੇ ਮੁੱਲ ਲੱਗਦੇ ਸਨ । ਜੀ. ਕੇ. ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਦਿੱਲੀ ਕਮੇਟੀ ਸਿਕਲੀਗਰ ਭਾਈਚਾਰੇ ਦੇ ਸੁਲਤਾਨਪੁਰੀ 'ਚ ਰਹਿੰਦੇ ਪਰਿਵਾਰਾਂ ਦੇ ਲੱਗਭਗ 250 ਬੱਚਿਆਂ ਨੂੰ ਜਥੇਦਾਰ ਸੰਤੋਖ ਸਿੰਘ ਸਕੂਲ ਵਿਖੇ ਮੁਫਤ ਸਿੱਖਿਆ, ਵਰਦੀ ਆਦਿ ਦੇ ਰਹੀ ਹੈ। ਇਸ ਦੇ ਨਾਲ ਹੀ ਮੰਗੋਲਪੁਰੀ ਵਿਖੇ ਆਈ. ਟੀ. ਆਈ. ਵੀ ਸਿਕਲੀਗਰ ਭਾਈਚਾਰੇ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਵਾਸਤੇ ਖੋਲ੍ਹੀ ਗਈ ਹੈ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਸਣੇ ਕਮੇਟੀ ਮੈਂਬਰ ਭੂਪਿੰਦਰ ਸਿੰਘ ਭੁੱਲਰ ਆਦਿ ਮੌਜੂਦ ਸਨ।
ਸਰਕਾਰੀ ਰਿਕਾਰਡ 'ਤੇ ਜਾਅਲੀ ਦਸਤਖ਼ਤ ਕਰਨ ਵਾਲਾ ਪਟਵਾਰੀ ਬਰਖ਼ਾਸਤ
NEXT STORY