ਜਲੰਧਰ (ਰਮਨਦੀਪ ਸਿੰਘ ਸੋਢੀ)- ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਭਾਜਪਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਤੋਂ ਜੀਐੱਸਟੀ ਨਾ ਹਟਾਇਆ ਤਾਂ ਆਉਣ ਵਾਲੇ ਸਮੇਂ 'ਚ ਗਠਜੋੜ ਤੋੜਨ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਗਬਾਣੀ ਟੀਵੀ ਨਾਲ ਖਾਸ ਗੱਲਬਾਤ ਦੌਰਾਨ ਵਲਟੋਹਾ ਨੇ ਆਰ ਐੱਸ ਐੱਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਕਰਾਰ ਦਿੱਤਾ।
ਇਸ ਦੌਰਾਨ ਜਿੱਥੇ ਉਹਨਾਂ ਪੰਜਾਬ 'ਚ ਕੈਪਟਨ ਦੀ ਸਰਕਾਰ ਨੂੰ ਹਰ ਪੱਖੋਂ ਫਲਾਪ ਦੱਸਿਆ ਉੱਥੇ ਸ਼ਾਹਕੋਟ ਜ਼ਿਮਣੀ ਚੋਣ 'ਚ ਜਿੱਤ ਦਾ ਦਾਅਵਾ ਵੀ ਕੀਤਾ। ਉਹਨਾਂ ਕੈਪਟਨ ਸਰਕਾਰ ਵੱਲੋਂ ਬਾਰਵੀ ਜਮਾਤ 'ਚ ਸਿੱਖ ਸਲੇਬਸ ਹਟਾਏ ਜਾਣ ਦੀ ਵੀ ਨਿਖੇਧੀ ਕੀਤੀ ਤੇ ਫੈਸਲੇ ਨੂੰ ਵਾਪਸ ਨਾ ਲਏ ਜਾਣ 'ਤੇ ਵੱਡਾ ਵਿਰੋਧ ਕਰਨ ਦੀ ਵੀ ਚੇਤਾਵਨੀ ਦਿੱਤੀ। ਵਲਟੋਹਾ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਕੈਪਟਨ ਦੇ ਇਸ ਫੈਸਲੇ ਪਿੱਛੇ ਆਰ ਐੱਸ ਐਸ ਦੀ ਸੋਚ ਕੰਮ ਕਰ ਰਹੀ ਹੈ ਤਾਂ ਉਹਨਾ ਹਾਂ ਪੱਖੀ ਜਵਾਬ ਦਿੱਤਾ ਕਿ ਆਰ.ਐੱਸ.ਐੱਸ. ਦੀ ਸੋਚ ਸਿੱਖ ਵਿਰੋਧੀ ਹੈ ਤੇ 2017 ਦੀਆਂ ਚੋਣਾਂ ਸਮੇਂ ਵੀ ਪੰਜਾਬ 'ਚ ਆਰ.ਐੱਸ.ਐੱਸ ਦੀ ਲਾਬੀ ਨੇ ਹੀ ਕੈਪਟਨ ਦਾ ਸਾਥ ਦਿੱਤਾ ਸੀ। ਵਲਟੋਹਾ ਮੁਤਾਬਕ ਭਾਜਪਾ ਨਾਲ ਅਕਾਲੀ ਦਲ ਦੀ ਸਿਰਫ ਰਾਜਨੀਤਕ ਸਾਂਝ ਹੈ ਤੇ ਜਿਸ ਦਿਨ ਸਾਨੂੰ ਲੱਗੇਗਾ ਕਿ ਭਾਜਪਾ ਵੀ ਆਰ.ਐੱਸ.ਐੱਸ. ਦੇ ਰਾਹ ਤੁਰ ਪਈ ਹੈ ਤਾਂ ਫਿਰ ਅਸੀਂ ਆਪਣਾ ਰਾਹ ਵੱਖ ਕਰ ਲਵਾਂਗੇ।
ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵਲੋਂ ਭਾਜਪਾ 'ਤੇ ਸਹਿਯੋਗੀਆਂ ਨੂੰ ਸਨਮਾਨ ਨਾ ਦਿੱਤੇ ਜਾਣ ਦੇ ਇਲਜਾਮ ਦਾ ਸਮਰਥਨ ਕਰਦਿਆਂ ਵਲਟੋਹਾ ਨੇ ਕਿਹਾ ਕਿ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਭਾਜਪਾ ਆਪਣੇ ਗਠਜੋੜ ਨੂੰ ਉਹ ਹੁੰਗਾਰਾ ਨਹੀਂ ਦੇ ਰਹੀ ਜੋ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਮਿਲਦਾ ਸੀ। ਪਰ ਨਾਲ ਹੀ ਉਹਨਾਂ ਸਾਫ ਕੀਤਾ ਕਿ ਇਸ ਬਾਰੇ ਅਸੀਂ ਆਪਣੇ ਗਠਜੋੜ ਨੂੰ ਸ਼ਿਕਾਇਤ ਵੀ ਕੀਤੀ ਹੈ ਜਿਸ ਤੋਂ ਬਾਅਦ ਹੁਣ ਸਾਡੇ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।
ਲਾਡੀ ਦੇ ਹੱਕ 'ਚ ਨਿੱਤਰੇ ਰਵਨੀਤ ਬਿੱਟੂ, ਵਿਰੋਧੀਆਂ ਨੂੰ ਲਲਕਾਰਿਆ (ਵੀਡੀਓ)
NEXT STORY