ਚੰਡੀਗੜ੍ਹ, (ਬਿਊਰੋ)- ਪਿੰਡ ਕੈਂਬਵਾਲਾ 'ਚ ਨਾਜਾਇਜ਼ ਉਸਾਰੀਆਂ ਨੂੰ ਤੋੜਨ ਲਈ ਸੋਮਵਾਰ ਨੂੰ ਪਹੁੰਚੀ ਅਸਟੇਟ ਦਫਤਰ ਦੀ ਟੀਮ ਨੂੰ ਪਿੰਡ ਵਾਲਿਆਂ ਨੇ ਪਿੰਡ 'ਚ ਵੜਨ ਨਹੀਂ ਦਿੱਤਾ। ਲੋਕਾਂ ਦੇ ਵਿਰੋਧ ਨੂੰ ਵੇਖਦੇ ਹੋਏ ਨਾਜਾਇਜ਼ ਕਬਜ਼ੇ ਵਿਰੋਧੀ ਦਸਤਾ ਪਿੰਡ ਦੇ ਬਾਹਰ ਬਣੇ ਕੁਝ ਫਾਰਮ ਹਾਊਸਾਂ ਦੀਆਂ ਕੰਧਾਂ ਨੂੰ ਤੋੜ ਕੇ ਹੀ ਵਾਪਸ ਮੁੜ ਗਿਆ।
ਜ਼ਿਕਰਯੋਗ ਹੈ ਕਿ ਪਿੰਡ ਕੈਂਬਵਾਲਾ 'ਚ ਕਰੀਬ 172 ਮਕਾਨ ਸੁਖਨਾ ਕੈਚਮੈਂਟ ਏਰੀਏ ਦੇ ਘੇਰੇ 'ਚ ਆ ਰਹੇ ਹਨ। ਹਾਈ ਕੋਰਟ ਦੇ ਆਦੇਸ਼ ਦੀ ਪਾਲਣਾ 'ਚ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਇਨ੍ਹਾਂ ਮਕਾਨਾਂ ਦੇ ਨਿਰਮਾਣ ਨੂੰ ਨਾਜਾਇਜ਼ ਮੰਨਦੇ ਹੋਏ ਇਨ੍ਹਾਂ ਨੂੰ ਤੋੜਨ ਦਾ ਫੈਸਲਾ ਕੀਤਾ ਸੀ। ਪਿੰਡ 'ਚ ਮੌਖਿਕ ਰੂਪ ਤੋਂ ਇਸ ਸਬੰਧੀ ਮੁਨਾਦੀ ਵੀ ਕਰਵਾ ਦਿੱਤੀ ਗਈ ਸੀ। ਉਦੋਂ ਤੋਂ ਇਥੇ ਰਹਿ ਰਹੇ ਲੋਕ ਆਪਣੇ ਮਕਾਨਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਸਨ। ਚੰਡੀਗੜ੍ਹ ਪ੍ਰਦੇਸ਼ ਭਾਜਪਾ ਪ੍ਰਧਾਨ ਸੰਜੇ ਟੰਡਨ ਨੇ ਜਿਥੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨਾਲ ਗੱਲਬਾਤ ਕਰਕੇ ਇਨ੍ਹਾਂ ਮਕਾਨਾਂ ਨੂੰ ਬਚਾਉਣ ਦਾ ਕੋਈ ਰਸਤਾ ਕੱਢਣ ਦੀ ਅਪੀਲ ਕੀਤੀ, ਉਥੇ ਹੀ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੇ ਵੀ ਲਾਲ ਡੋਰੇ ਤੋਂ ਬਾਹਰ ਬਣੇ ਮਕਾਨਾਂ ਨੂੰ ਤੋੜਨ ਦਾ ਵਿਰੋਧ ਕੀਤਾ।
ਇਕ ਵਜੇ ਤੱਕ ਚਲਿਆ ਵਿਰੋਧ ਪ੍ਰਦਰਸ਼ਨ
ਇਸੇ ਵਿਚਕਾਰ ਸੋਮਵਾਰ ਨੂੰ ਸਵੇਰੇ ਲਗਭਗ 10 ਵਜੇ ਅਸਟੇਟ ਆਫਿਸ ਦਾ ਨਾਜਾਇਜ਼ ਕਬਜ਼ੇ ਵਿਰੋਧੀ ਦਸਤਾ ਐੱਸ. ਡੀ. ਐੱਮ. ਈਸਟ ਅਤੇ ਤਹਿਸੀਲਦਾਰ ਦੀ ਅਗਵਾਈ 'ਚ ਪਿੰਡ ਕੈਂਬਵਾਲਾ 'ਚ ਨਾਜਾਇਜ਼ ਉਸਾਰੀਆਂ ਨੂੰ ਤੋੜਨ ਲਈ ਪਹੁੰਚ ਗਿਆ। ਇਸਦੀ ਸੂਚਨਾ ਮਿਲਣ 'ਤੇ ਪਿੰਡ ਦੇ ਪੰਚ-ਸਰਪੰਚ ਅਤੇ ਹੋਰ ਸਾਰੇ ਗ੍ਰਾਮੀਣ ਭਾਜਪਾ ਦੇ ਸੀਨੀਅਰ ਨੇਤਾ ਤੇ ਚੰਡੀਗੜ੍ਹ ਮਾਰਕੀਟ ਕਮੇਟੀ ਦੇ ਡਾਇਰੈਕਟਰ ਰਾਮਵੀਰ ਭੱਟੀ ਦੀ ਅਗਵਾਈ 'ਚ ਪਿੰਡ ਕੈਂਬਵਾਲਾ ਦੇ ਸੰਪਰਕ ਮਾਰਗ ਨੂੰ ਜੋੜਨ ਵਾਲੇ ਪੁਲ 'ਤੇ ਪਹੁੰਚ ਗਏ ਅਤੇ ਇਥੇ ਧਰਨਾ ਦੇ ਕੇ ਬੈਠ ਗਏ। ਸਾਰਿਆਂ ਨੇ ਸੜਕ 'ਤੇ ਲੇਟ ਕੇ ਨਾਜਾਇਜ਼ ਕਬਜ਼ੇ ਵਿਰੋਧੀ ਦਸਤੇ ਨੂੰ ਅੱਗੇ ਨਹੀਂ ਵਧਣ ਦਿੱਤਾ। ਹਾਲਾਂਕਿ ਅਸਟੇਟ ਆਫਿਸ ਦੇ ਨਾਜਾਇਜ਼ ਕਬਜ਼ੇ ਵਿਰੋਧੀ ਦਸਤੇ ਦੇ ਨਾਲ ਭਾਰੀ ਪੁਲਸ ਫੋਰਸ ਵੀ ਮੌਜੂਦ ਸੀ ਪਰ ਪਿੰਡ ਵਾਸੀਆਂ ਦੇ ਗੁੱਸੇ ਅਤੇ ਭਾਰੀ ਵਿਰੋਧ ਨੂੰ ਵੇਖਦੇ ਹੋਏ ਨਾਜਾਇਜ਼ ਕਬਜ਼ੇ ਵਿਰੋਧੀ ਦਸਤੇ ਨੇ ਵੀ ਪਿੰਡ 'ਚ ਵੜਨ ਦਾ ਯਤਨ ਨਹੀਂ ਕੀਤਾ। ਇਹ ਵਿਰੋਧ ਪ੍ਰਦਰਸ਼ਨ ਦੁਪਹਿਰ ਕਰੀਬ ਇਕ ਵਜੇ ਤਕ ਚੱਲਿਆ, ਇਸ ਤੋਂ ਬਾਅਦ ਟੀਮ ਉਲਟੇ ਪੈਰ ਵਾਪਸ ਮੁੜ ਗਈ ਅਤੇ ਪਿੰਡ ਦੇ ਬਾਹਰ ਬਣੇ ਕੁਝ ਫਾਰਮ ਹਾਊਸਾਂ ਦੀ ਚਾਰਦੀਵਾਰੀ ਨੂੰ ਤੋੜ ਕੇ ਕਾਰਵਾਈ ਦੀ ਰਸਮ ਪੂਰੀ ਕਰ ਦਿੱਤੀ।
ਪੀ. ਜੀ. ਆਈ. ਦੀ ਐਮਰਜੈਂਸੀ 'ਚ ਹੁਣ ਸੀਨੀਅਰ ਡਾਕਟਰਾਂ ਨੂੰ ਰਾਤ ਦੀ ਡਿਊਟੀ ਵੀ ਦੇਣੀ ਪਵੇਗੀ
NEXT STORY