ਚੰਡੀਗੜ੍ਹ (ਕਮਲ) : ਕੋਵਿਡ-19 ਕਰ ਕੇ ਪੰਜਾਬ ਸਰਕਾਰ ਵੱਲੋਂ ਸੱਭਿਆਚਾਰਕ ਮੇਲਿਆਂ ਅਤੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਨੂੰ ਖੁੱਲ੍ਹਵਾਉਣ ਸਬੰਧੀ ਬਿੱਟੂ ਖੰਨੇ ਵਾਲਾ ਦੀ ਅਗਵਾਈ ’ਚ ਪੰਜਾਬ ਦੇ ਫਿਲਮੀ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਇਕੱਠੇ ਹੋ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਮੰਗ-ਪੱਤਰ ਦਿੱਤਾ ਗਿਆ। ਕਲਾਕਾਰ ਭਾਈਚਾਰੇ ਨੇ ਧਰਮਸੌਤ ਨੂੰ ਦੱਸਿਆ ਕਿ ਢੇਡ ਸਾਲ ਤੋਂ ਕੋਵਿਡ ਦੀ ਮਹਾਮਾਰੀ ਕਰ ਕੇ ਪੰਜਾਬ ਸਰਕਾਰ ਨੇ ਸੱਭਿਆਚਾਰਕ ਅਤੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ’ਤੇ ਰੋਕ ਲਾਈ ਹੋਈ ਹੈ, ਜਿਸ ਕਰ ਕੇ ਪੰਜਾਬ ਦਾ ਸਮੁੱਚਾ ਕਲਾਕਾਰ ਭਾਈਚਾਰਾ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਜਿਸ ਕਰ ਕੇ ਕਲਾਕਾਰ ਦੋ ਵਕਤ ਦੀ ਰੋਟੀ ਲਈ ਵੀ ਤੰਗ ਹੋ ਗਏ ਹਨ ਅਤੇ ਉਹ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੋ ਗਏ ਹਨ। ਮੌਕੇ ’ਤੇ ਹੀ ਧਰਮਸੌਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਕੇ ਕਲਾਕਾਰਾਂ ਦੀ ਇਸ ਸਮੱਸਿਆ ਸਬੰਧੀ ਜਾਣੂ ਕਰਵਾਇਆ, ਜਿਸ ’ਤੇ ਮੁੱਖ ਮੰਤਰੀ ਨੇ ਪ੍ਰੋਗਰਾਮਾਂ ਵਿਚ ਖੁੱਲ੍ਹ ਦਿੰਦੇ ਹੋਏ 100 ਵਿਅਕਤੀ ਇਨਡੋਰ ਅਤੇ 200 ਵਿਅਕਤੀ ਆਊਟਡੋਰ ਦੀ ਹਾਜ਼ਰੀ ਵਿਚ ਕਲਾਕਾਰਾਂ ਨੂੰ ਪ੍ਰੋਗਰਾਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇਹ ਵੀ ਪੜ੍ਹੋ : ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਹਸਪਤਾਲਾਂ ਨੂੰ ਤਿਆਰ ਰਹਿਣ ਨੂੰ ਕਿਹਾ
ਕਲਾਕਾਰ ਭਾਈਚਾਰੇ ਨੇ ਬੀਤੇ ਦਿਨੀਂ ਕੋਵਿਡ ਦੌਰਾਨ ਪ੍ਰੋਗਰਾਮ ਅਤੇ ਸ਼ੂਟਿੰਗ ਕਰਨ ਮੌਕੇ ਕੋਵਿਡ ਨਿਯਮਾਂ ਦੀ ਉਲੰਘਣਾ ਸਬੰਧੀ ਦਰਜ ਕੀਤੇ ਮੁਕੱਦਮੇ ਵੀ ਖਾਰਜ ਕੀਤੇ ਜਾਣ ਦੀ ਮੰਗ ਕੀਤੀ। ਧਰਮਸੌਤ ਨੇ ਮੁਕੱਦਮੇ ਜਲਦ ਰੱਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਗਾਇਕ ਸਤਵਿੰਦਰ ਬੁੱਗਾ, ਕਰਮਜੀਤ ਅਨਮੋਲ, ਮਲਕੀਤ ਰੋਣੀ, ਭੁਪਿੰਦਰ ਗਿੱਲ, ਕੁਲਵੰਤ ਸੇਖੋਂ, ਕੁਲਵੰਤ ਬਿੱਲਾ, ਅਲਾਪ ਸਿਕੰਦਰ, ਅੰਗਰੇਜ਼ ਅਲੀ, ਬਲਬੀਰ ਰਾਏ, ਜਸਵੀਰ ਢਿੱਲੋਂ, ਅਵਤਾਰ ਤਾਰਾ ਅਤੇ ਗੁਰਿੰਦਰ ਗਿੰਦੀ ਸਮੇਤ ਵੱਡੀ ਗਿਣਤੀ ਵਿਚ ਕਲਾਕਾਰ ਭਾਈਚਾਰਾ ਹਾਜ਼ਰ ਸੀ।
ਇਹ ਵੀ ਪੜ੍ਹੋ : ਮਾਨਸੂਨ ਨੇ ਵਿਗਾੜੀ ਖੇਡ, LS ਇੰਡਸਟਰੀ ’ਤੇ ਪਾਵਰ ਕੱਟ ਨਾਲ ਹਜ਼ਾਰਾਂ ਕਰੋੜ ਦਾ ਉਤਪਾਦਨ ਰੁਕਿਆ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਚਾਨਕ ਕਰੰਟ ਲੱਗਣ ਕਾਰਣ ਕਿਸਾਨ ਦੀ ਮੌਤ
NEXT STORY