ਗਿੱਦੜਬਾਹਾ (ਕੁਲਭੂਸ਼ਨ) - ਇਲਾਕੇ 'ਚ ਚੱਲ ਰਹੇ ਓਵਰਲੋਡ ਵਾਹਨ ਲਗਾਤਾਰ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਜਾ ਰਹੇ ਹਨ। ਇਨ੍ਹਾਂ ਓਵਰਲੋਡ ਵਾਹਨਾਂ ਕਾਰਨ ਜਿਥੇ ਆਏ ਦਿਨ ਸੜਕੀ ਹਾਦਸੇ ਹੋ ਰਹੇ ਹਨ ਉਥੇ ਹੀ ਇਨ੍ਹਾਂ ਵੱਲੋਂ ਵਾਹਨ ਦੀ ਨਿਰਧਾਰਤ ਉੱਚਾਈ ਤੋਂ ਜ਼ਿਆਦਾ ਮਾਲ ਲੋਡ ਕਰਨ ਕਾਰਨ ਬਹੁਤ ਵਾਰ ਬਿਜਲੀ ਦੀਆਂ ਤਾਰਾਂ ਤੇ ਖੰਭਿਆਂ ਨੂੰ ਵੀ ਤੋੜ ਦਿੰਦੇ ਹਨ। ਇਸੇ ਤਰ੍ਹਾਂ ਦਾ ਇਕ ਓਵਰਲੋਡ ਵਾਹਨ (ਚੌਲਾਂ ਦੇ ਛਿਲਕੇ ਵਾਲੀ ਟਰਾਲੀ) ਬੀਤੀ ਰਾਤ ਸਥਾਨਕ ਮਲੋਟ ਰੋਡ 'ਤੇ ਸਥਿਤ ਮਾਰਕਫੈੱਡ ਪਲਾਂਟ ਨੇੜੇ ਪਿੱਛੋਂ ਆ ਰਹੇ ਕੈਂਟਰ ਦੀ ਟੱਕਰ ਕਾਰਨ ਸੜਕ ਦਰਮਿਆਨ ਪਲਟ ਗਈ ਜਦੋਂਕਿ ਟਰੈਕਟਰ ਸੜਕ ਦੇ ਨਾਲ ਖੇਤ ਵਿਚ ਜਾ ਪਲਟਿਆ। ਇਸ ਹਾਦਸੇ ਵਿਚ ਕਿਸੇ ਨੂੰ ਵੀ ਕੋਈ ਸੱਟ ਆਦਿ ਨਹੀਂ ਲੱਗੀ ਪਰ ਚੌਲਾਂ ਦੇ ਛਿਲਕੇ ਦੀ ਭਰੀ ਟਰਾਲੀ ਦੇ ਸੜਕ 'ਤੇ ਪਲਟ ਜਾਣ ਕਾਰਨ ਸੜਕ ਦੀ ਇਕ ਪਾਸੇ ਦੀ ਆਵਾਜਾਈ ਠੱਪ ਹੋ ਗਈ ਜਦੋਂ ਕਿ ਵਾਹਨ ਚਾਲਕਾਂ ਨੂੰ ਸੜਕ ਦੇ ਦੂਜੇ ਪਾਸੇ ਤੋਂ ਵਾਹਨ ਲੰਘਾਉਣੇ ਪਏ। ਜਦੋਂ ਪੱਤਰਕਾਰਾਂ ਵੱਲੋਂ ਉਕਤ ਟਰੈਕਟਰ-ਟਰਾਲੀ ਚਾਲਕ ਵਿੱਕੀ ਪੁੱਤਰ ਦੇਸ ਰਾਜ ਵਾਸੀ ਰੁਪਾਣਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਟਰੈਕਟਰ-ਟਰਾਲੀ ਲੈ ਕੇ ਮਲੋਟ ਤੋਂ ਸੰਗਤ ਮੰਡੀ ਜਾ ਰਿਹਾ ਸੀ, ਪਿੱਛੋਂ ਇਕ ਕੈਂਟਰ ਵੱਲੋਂ ਟਰਾਲੀ ਨੂੰ ਟੱਕਰ ਮਾਰਨ ਕਾਰਨ ਇਹ ਹਾਦਸਾ ਪੇਸ਼ ਆਇਆ।ਜਦੋਂ ਉਕਤ ਵਿੱਕੀ ਪਾਸੋਂ ਓਵਰਲੋਡ ਵਾਹਨ ਚਲਾਉਣ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਘੱਟ ਮਾਲ ਲੋਡ ਕਰ ਕੇ ਉਨ੍ਹਾਂ ਨੂੰ ਕੁਝ ਵੀ ਨਹੀਂ ਬਚਦਾ ਅਤੇ ਉਹ ਰਾਤ ਸਮੇਂ ਹੀ ਉਕਤ ਵਾਹਨ ਚਲਾਉਂਦੇ ਹਨ ਕਿਉਂਕਿ ਉਸ ਸਮੇਂ ਟਰੈਫਿਕ ਘੱਟ ਹੁੰਦਾ ਹੈ।
ਐਕਟਿਵਾ 'ਤੇ ਚੂਰਾ ਪੋਸਤ ਲੈ ਕੇ ਜਾ ਰਿਹਾ ਗ੍ਰਿਫਤਾਰ
NEXT STORY