ਸੁਲਤਾਨਪੁਰ ਲੋਧੀ, (ਧੀਰ)-ਕਿਸਾਨਾਂ ਤੇ ਆਮ ਲੋਕਾਂ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਬਿਜਲੀ ਘਰ ਦੇ ਬਾਹਰ ਉਸ ਵੇਲੇ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਦੋਂ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਦੇ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਸਾਨਾਂ ਨੇ ਤਲਵੰਡੀ ਚੌਧਰੀਆਂ-ਸੁਲਤਾਨਪੁਰ ਲੋਧੀ ਰੋਡ ਨੂੰ ਇਕ ਤਰਫੋਂ ਜਾਮ ਕਰ ਕੇ ਪਾਵਰਕਾਮ ਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਸਪਲਾਈ ਨਿਰੰਤਰ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ ਕੀਤਾ।
ਕਿਸਾਨਾਂ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਝੋਨੇ ਦੇ ਸੀਜ਼ਨ ਦੌਰਾਨ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਤੇ ਲਗਾਤਾਰ ਕਈ ਕਈ ਘੰਟੇ ਦੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਝ ਤਾਂ ਦੂਜੇ ਸੂਬਿਆਂ ’ਚ ਜਾ ਕੇ ਵੱਡੀਆਂ-ਵੱਡੀਆਂ ਸਕੀਮਾਂ ਲਾਗੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਅਸਲੀ ਤੌਰ ’ਤੇ ਪੰਜਾਬ ’ਚ ਤਾਂ ਆਮ ਲੋਕਾਂ ਦੀ ਉਹ ਸਾਰ ਹੀ ਨਹੀਂ ਲੈ ਪਾ ਰਹੇ, ਜਿਸ ਕਾਰਨ ਸਰਕਾਰ ਹਰ ਪਾਸਿਓਂ ਫੇਲ ਨਜ਼ਰ ਆ ਰਹੀ ਹੈ।
ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਫੋਨ ਲਗਾਏ ਪਰ ਨਾ ਤਾਂ ਕੋਈ ਅਧਿਕਾਰੀ ਮੌਕੇ 'ਤੇ ਆਇਆ ਤੇ ਨਾ ਹੀ ਕਿਸੇ ਅਧਿਕਾਰੀ ਨੇ ਉਨ੍ਹਾਂ ਨਾਲ ਕੋਈ ਰਾਬਤਾ ਕੀਤਾ। ਉਨ੍ਹਾਂ ਕਿਹਾ ਅਗਰ ਇਸੇ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦਾ ਰੱਵਈਆ ਆਮ ਲੋਕਾਂ ਅਤੇ ਕਿਸਾਨਾਂ ਦੇ ਖਿਲਾਫ ਰਿਹਾ ਤਾਂ ਉਹ ਜਲਦ ਹੀ ਵੱਡੇ ਸੰਘਰਸ਼ ਨੂੰ ਅੰਜਾਮ ਦੇਣਗੇ।
ਪੰਜਾਬ ਤੋਂ ਕਾਰਗਿਲ ਲੈ ਕੇ ਜਾ ਰਹੇ ਸਨ ਗਊਧਨ, ਤਿੰਨ ਲੋਕ ਗ੍ਰਿਫਤਾਰ
NEXT STORY