ਆਪਣੀ ਜਨਮ ਭੂਮੀ ਛੱਡ ਕੇ ਜਾਣ ਦੀ ਪ੍ਰਵਿਰਤੀ ਅਜੋਕੇ ਸਮਾਜ ਦੀ ਦੇਣ ਨਹੀਂ ਬਲਕਿ ਪੁਰਾਣੇ ਸਮਿਆਂ ਵਿੱਚ ਪੁਰਖੇ ਵੀ ਰੋਜੀ ਰੋਟੀ ਕਮਾਉਣ ਜਾਂ ਵਪਾਰ ਕਰਨ ਪਰਦੇਸ ਜਾਂਦੇ ਰਹੇ ਹਨ। ਇਨ੍ਹਾਂ ਪ੍ਰਵਾਸੀਆਂ ਦੀ ਨਾਗਰਿਕਤਾ ਵੀ ਅਸਥਾਈ ਹੁੰਦੀ ਹੈ। ਇਨ੍ਹਾਂ ਪਰਵਾਸੀਆਂ ਲਈ ਇਹ ਧਰਤੀ ਨਿਰਮੋਹੀ ਹੁੰਦੀ ਹੈ ਅਤੇ ਇਸ ਦੀ ਮਿੱਟੀ ਵਿੱਚ ਇਨ੍ਹਾਂ ਨੂੰ ਕੋਈ ਮਹਿਕ ਮਹਿਸੂਸ ਨਹੀਂ ਹੁੰਦੀ, ਕਿਉਂਕਿ ਉਨ੍ਹਾਂ ਦੀ ਅਸਲੀ ਜੜ੍ਹ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਲੱਗੀ ਹੁੰਦੀ ਹੈ। ਇਨ੍ਹਾਂ ਦੇ ਘਰ ਛੱਡ ਕੇ ਆਉਣ ਦੇ ਫੈਸਲੇ ’ਤੇ ਇਸ ਕੋਰੋਨਾ ਦੀ ਮਹਾਮਾਰੀ ਨੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ। ਇਸ ਪਿੱਛੇ ਉਨ੍ਹਾਂ ਦੇ ਆਪਣੇ ਘਰ ਛੱਡ ਕੇ ਆਉਣ ਦੀ ਪ੍ਰਸਥਿਤੀ ਨੂੰ ਜਾਣਨਾ ਅਤਿਅੰਤ ਜ਼ਰੂਰੀ ਜਾਪਦਾ ਹੈ। ਰੋਜੀ ਰੋਟੀ ਕਮਾਉਣ ਦੇ ਚੰਗੇ ਸੁਪਨੇ ਲੈ ਕੇ ਆਏ ਇਨ੍ਹਾਂ ਮਜ਼ਦੂਰਾਂ ਨੂੰ ਕੀ ਪਤਾ ਸੀ ਕਿ ਜਾਣ ਲੱਗਿਆ ਇਨ੍ਹਾਂ ਦੇ ਪੈਰਾਂ ਹੇਠ ਚੱਪਲਾਂ ਤੱਕ ਨਹੀਂ ਹੋਣਗੀਆਂ।
ਭਾਰਤ ਦੀ ਸੰਘਣੀ ਆਬਾਦੀ ਵਾਲੇ ਅਤੇ ਰੋਜ਼ਗਾਰ ਦੇ ਪੱਖੋਂ ਸੀਮਤ ਸਾਧਨਾਂ ਵਾਲੇ ਸੂਬਿਆਂ, ਜਿਵੇਂ ਕਿ ਯੂ.ਪੀ, ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਤੋਂ ਰੋਟੀ ਕਮਾਉਣ ਖਾਤਰ ਇਹ ਮਜ਼ਦੂਰ, ਸਾਧਨਾਂ ਨਾਲ ਭਰਪੂਰ ਸੂਬੇ, ਜਿਵੇਂ ਕਿ ਪੰਜਾਬ, ਹਰਿਆਣਾ, ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਆਦਿ ਵਿੱਚ ਫੈਲੇ ਹੋਏ ਹਨ। ਕਿਰਤੀ ਮਜ਼ਦੂਰਾਂ ਦੀ ਸੰਖਿਆ ਭਾਰਤ ਦੀ ਆਬਾਦੀ ਵਿੱਚ ਬਹੁ-ਗਿਣਤੀ ਹੈ। ਮਰਦਮਸ਼ੁਮਾਰੀ 2011 ਦੇ ਅੰਕੜਿਆਂ ਅਨੁਸਾਰ, ਪਰਵਾਸੀਆਂ ਦੀ ਕੁੱਲ ਸੰਖਿਆ 450 ਮਿਲੀਅਨ ਹੈ, ਜੋ 2001 ਦੇ ਅੰਕੜਿਆਂ ਤੋਂ 30 ਪ੍ਰਤੀਸ਼ਤ ਜ਼ਿਆਦਾ ਹੈ। ਇਸ ਕੋਰੋਨਾ ਦੀ ਮਹਾਮਾਰੀ ਨੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਕੀਤਾ ਖਿਲਵਾੜ ਸਦੀਆਂ ਤੱਕ ਯਾਦ ਕੀਤਾ ਜਾਵੇਗਾ। ਅੱਜ ਇਨ੍ਹਾਂ ਦੀ ਹਾਲਤ ਤਰਸਯੋਗ ਹੈ। ਮੁਕੰਮਲ ਭਾਰਤ ਬੰਦ ਹੋਣ ਦੀ ਸਥਿਤੀ ਵਿੱਚ ਕੰਮ ਨਾ ਮਿਲਣ ਕਾਰਨ ਲੱਖਾਂ ਦੀ ਤਦਾਦ ਵਿੱਚ ਇਹ ਪ੍ਰਵਾਸੀ ਰੇਲ ਦੀਆਂ ਪਟੜੀਆਂ ਅਤੇ ਸੜਕਾਂ ਉੱਤੇ ਉੱਤਰਨ ਲਈ ਮਜ਼ਬੂਰ ਹੋ ਗਏ। ਉਨ੍ਹਾਂ ਦਾ ਸਿਰਫ ਇਕੋ ਟੀਚਾ ਹੈ, ਆਪਣੇ ਕਸਬਿਆਂ ਨੂੰ ਪੁੱਜਣਾ।
ਪੜ੍ਹੋ ਇਹ ਵੀ ਖਬਰ - ਖ਼ਤਰਨਾਕ ਸਾਬਿਤ ਹੋ ਸਕਦੀ ਹੈ ਲਾਕਡਾਊਨ ''ਚ ਦਿੱਤੀ ਛੋਟ (ਵੀਡੀਓ)
ਪੜ੍ਹੋ ਇਹ ਵੀ ਖਬਰ - ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ
ਇਹ ਸਫਰ ਰੋਮਾਂਚਕ ਜਾਂ ਉਤਸ਼ਾਹ ਭਰਿਆ ਨਹੀਂ ਬਲਕਿ ਉਨ੍ਹਾਂ ’ਤੇ ਦੁੱਖਾਂ ਦਾ ਕਹਿਰ ਭਰਿਆ ਹੈ। ਜਿਸ ਵਿੱਚ ਮੰਜ਼ਿਲ ’ਤੇ ਪਹੁੰਚਣ ਤੋਂ ਬਾਅਦ ਵੀ ਖੁਸ਼ੀਆਂ ਦੀ ਉਮੀਦ ਨਹੀਂ ਜਾਪਦੀ। ਅਸੀਂ ਗਵਾਹ ਹਾਂ ਉਨ੍ਹਾਂ ਦਰਦਨਾਕ ਤਸਵੀਰਾਂ ਦੇ ਜਿਸ ਵਿੱਚ ਬਿਨਾਂ ਚੱਪਲਾਂ ਦੇ ਉਹ ਦੱਬੇ ਕੁੱਚਲੇ ਪੈਰ, ਮਜ਼ਦੂਰ ਔਰਤਾਂ ਦੇ ਇੱਕ ਹੱਥ ਜਵਾਕ ਅਤੇ ਦੂਜੇ ਹੱਥ ਕੱਪੜੇ ਦੀਆਂ ਗੱਠੜੀਆਂ ਦੇ ਨਾਲ ਲੱਕ ਤੇ ਬੰਨੀਆਂ ਬੋਤਲਾਂ। ਇਹ ਤਸਵੀਰਾਂ ਰੋਂਦੇਂ ਕੁਰਲਾਉਂਦੇਂ ਉਨ੍ਹਾਂ ਲੋਕਾਂ ਦੇ ਦੁੱਖ ਬਿਆਨ ਕਰਦੀਆਂ ਹਨ। ਆਪਣੀ ਜ਼ਿੰਦਗੀ ਪ੍ਰਤੀ ਉਨ੍ਹਾਂ ਲੋਕਾਂ ਦੀਆਂ ਮਜ਼ਬੂਰੀਆਂ, ਜੋ 21ਵੀਂ ਸਦੀ ਦੇ ਭਾਰਤ ਦੀ ਅਖੌਤੀ ਤਰੱਕੀ ਦੀ ਗਵਾਹੀ ਵੀ ਭਰਦੀਆਂ ਨੇ, ਨੂੰ ਇਹ ਤਸਵੀਰਾਂ ਹੂਬਹੂ ਪੇਸ਼ ਕਰਦੀਆਂ ਹਨ, ਜਿਨ੍ਹਾਂ ਦਾ ਅਨੁਮਾਨ ਘਰ ਬੈਠਾ ਕੋਈ ਖੁਸ਼ਹਾਲ ਵਿਅਕਤੀ ਜਾਂ ਮੌਜੂਦਾ ਪ੍ਰਸ਼ਾਸਨ ਨਹੀਂ ਲਗਾ ਸਕਦਾ। ਉਕਤ ਮੰਦਭਾਗੀਆਂ ਖਬਰਾਂ ਨਿੱਤ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਗੱਡੀ ਹੇਠ ਕੁਚਲੇ 16 ਪ੍ਰਵਾਸੀ ਮਜ਼ਦੂਰ, ਜਿਨ੍ਹਾਂ ਨੇ ਮੱਧ ਪ੍ਰਦੇਸ਼ ਵਾਪਸ ਜਾਣ ਲਈ ਟ੍ਰੇਨ ’ਤੇ ਚੜ੍ਹਨਾ ਸੀ।
ਇਸ ਤੋਂ ਇਲਾਵਾ, ਰਾਮਜੀ ਮਹਤੋ ਇਸ ਦੇਸ਼ ਦੀ ਬੁਨਿਆਦ ਦੇ ਕਮਜੋਰ ਹੋਣ ਦੀ ਗਵਾਹੀ ਭਰਦਾ ਹੈ। ਇਹ ਮਜ਼ਦੂਰ ਕੰਮ ਵਾਲੀ ਜਗ੍ਹਾ ਦਿੱਲੀ ਤੋਂ ਪਿੰਡ ਬੇਗੂਸਰਾਏ, ਜਿਹੜਾ ਕਿ 1100 ਕਿ.ਮੀ. ਦੂਰੀ ਤੇ ਹੈ, ਨੂੰ ਨਿਕਲਿਆ ਸੀ ਪਰ ਆਪਣੇ ਪਿੰਡ ਤੋਂ 350 ਕਿ.ਮੀ ਪਹਿਲਾਂ ਹੀ ਭੁੱਖ ਅਤੇ ਥਕਾਵਟ ਤੋ ਹਾਰ ਕੇ ਦਮ ਤੋੜ ਗਿਆ। ਇਸ ਤੋਂ ਇਲਾਵਾ, ਐਸੇ ਕਿੰਨੇ ਹੀ ਬਦਕਿਸਮਤ ਲੋਕ ਇਸ ਮਹਾਮਾਰੀ ਵਿੱਚ ਜ਼ਿੰਦਗੀ ਦੀ ਲੜਾਈ ਲੜਦੇ ਲੜਦੇ ਭੁੱਖਮਰੀ ਦੀ ਭੇਟ ਚੜ੍ਹ ਗਏ। ਜੇਕਰ ਭੁੱਖਮਰੀ ਦੀ ਗੱਲ ਕਰੀਏ ਤਾਂ ਆਮ ਦਿਨਾਂ ਵਿੱਚ ਹੀ ਦੇਸ਼ ਭੁੱਖਮਰੀ ਦਾ ਸ਼ਿਕਾਰ ਹੈ। ਹੁਣ ਇਸ ਕੋਰੋਨਾ ਦੀ ਭਿਆਨਕ ਸਥਿਤੀ ਵਿੱਚ ਇਸ ਨੇ ਹੋਰ ਭਿਆਨਕ ਰੂਪ ਲੈ ਲਿਆ ਹੈ। ਪੰਜਾਬ ਵਿੱਚ ਜ਼ਿਆਦਾਤਰ ਪ੍ਰਵਾਸੀ ਲੋਕ ਸਮਾਜ ਸੇਵੀ ਸੰਸਥਾਵਾਂ ਦੁਆਰਾ ਲਗਾਏ ਲੰਗਰਾਂ ’ਤੇ ਨਿਰਭਰ ਹਨ ਪਰ ਹੋਰਾਂ ਸੂਬਿਆਂ ਵਿੱਚ ਇਸ ਦੇ ਹਾਲਾਤ ਭਿਆਨਕ ਹਨ। ਉੱਥੇ ਲੋਕ ਕੋਰੋਨਾ ਤੋਂ ਉਨ੍ਹਾਂ ਪ੍ਰੇਸ਼ਾਨ ਨਹੀਂ, ਜਿੰਨਾ ਭੁੱਖਮਰੀ ਤੋਂ ਹਨ।
ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਤੋਂ ਅੱਕੇ ਕਿਸਾਨ ਛੱਡ ਦੇਣਗੇ ਡੇਅਰੀ ਫਾਰਮਿੰਗ ਦਾ ਧੰਦਾ (ਵੀਡੀਓ)
ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਭਾਰਤੀ ਗੌਲਫ ਦੀ ਰੂਹ-ਏ-ਰਵਾਂ ‘ਜੀਵ ਮਿਲਖਾ ਸਿੰਘ’
ਅੰਤਰ-ਰਾਸ਼ਟਰੀ ਮਜ਼ਦੂਰ ਸੰਘ ਦੁਆਰਾ ਪੇਸ਼ ਕੀਤੇ ਅੰਕੜਿਆਂ ਮੁਤਾਬਕ 40 ਕਰੋੜ ਲੋਕ ਇਸ ਗਰੀਬੀ ਦੀ ਰੇਖਾ ਤੋਂ ਹੇਠ ਧਸ ਜਾਣਗੇ। ਇਸ ਤੋਂ ਇਲਾਵਾ ਵਿਸ਼ਵ ਬੈਂਕ ਦੁਆਰਾ ਪੇਸ਼ ਕੀਤੀ ਰਿਪੋਰਟ ਦੇ ਅਨੁਸਾਰ, ਪੂਰੇ ਸੰਸਾਰ ਵਿੱਚ 49 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਜਿਨ੍ਹਾਂ ਵਿੱਚ 34 ਫੀਸਦੀ ਬੱਚੇ ਭਾਰਤ ਵਿੱਚ ਹਨ। ਇਸ ਕੋਰੋਨਾ ਮਹਾਮਾਰੀ ਦੇ ਕਾਰਨ ਇਨ੍ਹਾਂ ਅੰਕੜਿਆਂ ਦੇ ਹੋਰ ਵਧਣ ਦਾ ਖਦਸ਼ਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਇਸ ਮੁਸ਼ਕਿਲ ਘੜੀ ਵਿੱਚ ਇਨ੍ਹਾਂ ਨਾਲ ਖੜ੍ਹੇ, ਜਿਸ ਵਿੱਚ ਪਹਿਲੀ ਜ਼ਿੰਮੇਵਾਰੀ ਉਨ੍ਹਾਂ ਨੂੰ ਬਿਨ੍ਹਾਂ ਕਿਰਾਏ ਲਏ ਘਰ ਪਹੁੰਚਾਉਣ ਲਈ ਪੁਖਤਾ ਇੰਤਜ਼ਾਮ ਕਰਨ ਦੀ ਬਣਦੀ ਹੈ। ਇਨ੍ਹਾਂ ਮਜ਼ਦੂਰਾਂ ਦੀ ਘਰ ਵਾਪਸੀ ਨਾਲ ਪਰਿਵਾਰਕ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਉਨ੍ਹਾਂ ਲਈ ਆਉਣ ਵਾਲੇ ਸੰਕਟ ਦੀ ਘੰਟੀ ਹੈ, ਕਿਉਂਕਿ ਉਨ੍ਹਾਂ ਸੂਬਿਆਂ ਵਿੱਚ ਖੇਤੀ ਤੇ ਨਿਰਭਰ ਰਹਿ ਕੇ ਉਹ ਆਪਣੇ ਪਰਿਵਾਰ ਦਾ ਢਿੱਡ ਨਹੀਂ ਪਾਲ ਸਕਦੇ।
ਜੇ ਪਾਲ ਸਕਦੇ ਹੁੰਦੇ ਤਾਂ ਉਨ੍ਹਾਂ ਨੂੰ ਅੱਜ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਇਸ ਸਥਿਤੀ ਤੇ ਜਿੱਤ ਹਾਸਿਲ ਕਰਨ ਲਈ ਕੇਂਦਰ ਸਰਕਾਰ ਦੀ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਉੱਜਵਲ ਯੋਜਨਾ, ਪਬਲਿਕ ਡਿਸਟਰੀਬਿਊਸ਼ਨ ਸਿਸਟਮ, ਆਯੂਸ਼ਮਾਨ ਭਾਰਤ ਅਤੇ ਮਨਰੇਗਾ ਆਦਿ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ, ਬਸ਼ਰਤੇ ਇਹਨਾਂ ਦੀ ਪੜਚੋਲ ਕਰ ਮੌਜੂਦਾ ਹਾਲਾਤਾਂ ਮੁਤਾਬਕ ਸੁਧਾਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ।
ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਦੌਰ ਵਿੱਚ ਕੈਲੀਫੋਰਨੀਆ ਵਿਖੇ ਆਮ ਆਦਮੀ ਦੇ 'ਸੇਵਾ ਕਾਰਜ'
ਸੰਨੀ ਕੁਮਾਰ
ਖੋਜਕਰਤਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
ਮੋਬਾਇਲ ਨੰ:97802-74741
ਲਾਕ ਡਾਊਨ ਖੁੱਲ੍ਹਦੇ ਹੀ ਅਕਾਲੀ ਦਲ ਜਥੇਬੰਦੀ ਦਾ ਕਰੇਗਾ ਐਲਾਨ : ਚੀਮਾ
NEXT STORY