ਮੰਡੀ ਲੱਖੇਵਾਲੀ (ਸੁਖਪਾਲ) - ਪੰਜਾਬ ਸਰਕਾਰ ਹਮੇਸ਼ਾ ਦਾਅਵੇ ਕਰਦੀ ਰਹਿੰਦੀ ਹੈ ਕਿ ਪੇਂਡੂ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਦਕਿ ਅਸਲੀਅਤ 'ਚ ਲੋਕਾਂ ਨੂੰ ਦੇਣਾ ਤਾਂ ਕੀ ਸੀ, ਸਗੋਂ ਉਨ੍ਹਾਂ ਕੋਲੋਂ ਪਹਿਲਾਂ ਮਿਲਦੀਆਂ ਸਹੂਲਤਾਂ ਖੋਹ ਲਈਆਂ। ਇਸ ਦੀ ਮਿਸਾਲ ਖੇਤਰ ਦੇ ਉਨ੍ਹਾਂ ਕਰੀਬ ਇਕ ਦਰਜਨ ਪਿੰਡਾਂ ਤੋਂ ਮਿਲਦੀ ਹੈ, ਜਿਨ੍ਹਾਂ 'ਚ ਪਹਿਲਾਂ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡਿਪੂ ਦੀਆਂ ਬੱਸਾਂ ਚੱਲਦੀਆਂ ਸਨ ਪਰ ਹੁਣ ਇੱਥੇ ਰੋਡਵੇਜ਼ ਦੀ ਇਕ ਵੀ ਵੱਡੀ ਬੱਸ ਨਹੀਂ ਚੱਲ ਰਹੀ।
ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਵਾਇਆ ਭਾਗਸਰ, ਪਿੰਡ ਲੱਖੇਵਾਲੀ, ਮੰਡੀ ਲੱਖੇਵਾਲੀ, ਨੰਦਗੜ੍ਹ, ਸੰਮੇਵਾਲੀ, ਝੰਡਵਾਲਾ ਭੀਮੇਸ਼ਾਹ, ਸ਼ਾਹਪੁਰਾ ਅਤੇ ਝੋਟਿਆਂਵਾਲੀ ਆਦਿ ਹੋ ਕੇ ਅਰਨੀਵਾਲਾ ਤੱਕ ਜਾਂਦੀਆਂ ਹਨ। ਦਿਨ 'ਚ ਰੋਡਵੇਜ਼ ਦੀਆਂ ਵੱਡੀਆਂ ਬੱਸਾਂ ਦੇ ਕਰੀਬ 5 ਟਾਈਮ ਚੱਲਦੇ ਹਨ। ਲੋਕਾਂ ਨੂੰ ਇਨ੍ਹਾਂ ਬੱਸਾਂ ਦੀ ਬਹੁਤ ਸਹੂਲਤ ਸੀ ਪਰ ਸਰਕਾਰ ਨੇ ਮਾੜੀਆਂ ਨੀਤੀਆਂ ਕਾਰਨ ਪਿਛਲੇ 8-10 ਸਾਲਾਂ ਤੋਂ ਰੋਡਵੇਜ਼ ਦੀਆਂ ਵੱਡੀਆਂ ਬੱਸਾਂ ਇਸ ਰੂਟ ਤੋਂ ਗਾਇਬ ਕਰ ਦਿੱਤੀਆਂ। ਇਥੇ ਸਿਰਫ਼ ਇਕ ਮਿੰਨੀ ਪੇਂਡੂ ਸੇਵਾ ਵਾਲੀ ਰੋਡਵੇਜ਼ ਦੀ ਬੱਸ ਨੂੰ ਸ਼ਾਮ ਵੇਲੇ ਭੇਜਿਆ ਜਾਂਦਾ ਹੈ। ਇਸ ਖੇਤਰ ਦੇ ਪਿੰਡਾਂ ਦੇ ਵਿਦਿਆਰਥੀ ਤੰਗ-ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ 'ਤੇ ਕਾਲਜ ਜਾਣਾ ਪੈਂਦਾ ਹੈ।
ਸਮਾਜ ਸੇਵਕ ਤੇ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਖੇਤਰ 'ਚ ਰੋਡਵੇਜ਼ ਦੀ ਬੱਸ ਸੇਵਾ 1971 ਵਿਚ ਸ਼ੁਰੂ ਹੋਈ ਸੀ। ਉਕਤ ਪਿੰਡਾਂ ਤੋਂ ਇਲਾਵਾ ਪਿੰਡ ਗੰਧੜ, ਪਾਕਾ, ਬੰਨਾਂਵਾਲਾ ਆਦਿ ਪਿੰਡ ਵਾਸੀਆਂ ਨੂੰ ਰੋਡਵੇਜ਼ ਦੀਆਂ ਬੱਸਾਂ ਦੀ ਸਹੂਲਤ ਮਿਲ ਜਾਂਦੀ ਸੀ। ਉਨ੍ਹਾਂ ਕਿਹਾ ਕਿ ਬੰਦ ਪਈਆਂ ਬੱਸਾਂ ਨੂੰ ਮੁੜ ਤੋਂ ਚਾਲੂ ਕਰਵਾਉਣ ਲਈ ਇਕ ਵਫ਼ਦ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਚਰਨਜੀਤ ਸਿੰਘ ਨੂੰ ਮਿਲੇਗਾ ਤਾਂ ਕਿ ਪੇਂਡੂ ਖੇਤਰ ਦੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਮਿਲ ਸਕੇ।
ਜੇਲ 'ਚ ਲੱਗੀ ਅਦਾਲਤ, ਜੱਜ ਨੇ 15 ਕੇਸਾਂ 'ਚੋਂ 8 ਦਾ ਨਿਪਟਾਰਾ ਕੀਤਾ
NEXT STORY