ਲੁਧਿਆਣਾ (ਅਨਿਲ, ਨਰਿੰਦਰ) : ਪੰਜਾਬ ’ਚ ਆਏ ਦਿਨ ਲੁਟੇਰਿਆਂ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਅਜਿਹੀ ਹੀ ਇਕ ਵਾਰਦਾਤ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਇਲਾਕੇ ਪਿੰਡ ਹੁਸੈਨਪੁਰਾ ’ਚ ਵਾਪਰੀ, ਜਿੱਥੇ ਮੋਬਾਈਲ ਸ਼ਾਪ ’ਚ ਬੈਠੇ ਦੁਕਾਨਦਾਰ ’ਤੇ ਗੰਨ ਪੁਆਇੰਟ ’ਤੇ ਲੁੱਟ ਦੀ ਵਾਰਦਾਤ ਕੀਤੀ ਗਈ ਅਤੇ ਲੁੱਟਣ ਤੋਂ ਬਾਅਦ ਲੁਟੇਰਿਆਂ ਨੇ ਦੁਕਾਨਦਾਰ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਵਿੱਚ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ 24 ਦਸੰਬਰ ਨੂੰ ਹੋਵੇਗੀ ਮਾਪੇ-ਅਧਿਆਪਕ ਮਿਲਣੀ
ਪਿੰਡ ਹੁਸੈਨਪੁਰਾ ’ਚ ਸ਼ਾਮ ਕਰੀਬ ਸਾਢੇ 5 ਵਜੇ ਮੋਬਾਈਲਾਂ ਦੀ ਦੁਕਾਨ ’ਤੇ ਦੁਕਾਨਦਾਰ ਦੀਪਕ ਕੁਮਾਰ (40) ਵਾਸੀ ਹੈਬੋਵਾਲ ਬੈਠਾ ਸੀ ਅਤੇ ਉਸੇ ਸਮੇਂ ਇਕ ਮੋਟਰਸਾਈਕਲ ’ਤੇ ਸਵਾਰ ਨਕਾਬਪੋਸ਼ 3 ਲੁਟੇਰੇ ਆਏ, ਜਿਨ੍ਹਾਂ ’ਚੋਂ 2 ਦੁਕਾਨ ਦੇ ਅੰਦਰ ਦਾਖਲ ਹੋ ਗਏ ਤੇ ਤੀਜਾ ਲੁਟੇਰਾ ਬਾਹਰ ਮੋਟਰਸਾਈਕਲ ’ਤੇ ਬੈਠਾ ਰਿਹਾ। ਲੁਟੇਰਿਆਂ ਨੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਹੀ ਪਿਸਤੌਲ ਕੱਢੀ ਅਤੇ ਦੁਕਾਨਦਾਰ ਦੀਪਕ ਦੇ ਸਿਰ ’ਤੇ ਰੱਖ ਦਿੱਤੀ ਅਤੇ ਉਸ ਕੋਲ ਪਿਆ ਇਕ ਕਾਲੇ ਰੰਗ ਦਾ ਬੈਗ ਖੋਹ ਲਿਆ ਤੇ ਦਰਾਜ ’ਚ ਰੱਖੇ ਪੈਸੇ ਕੱਢ ਲਏ। ਜਦੋਂ ਦੁਕਾਨਦਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ’ਤੇ ਪਿਸਤੌਲ ਨਾਲ 3 ਫਾਇਰ ਕੀਤੇ, ਜਿਨ੍ਹਾਂ ’ਚੋਂ ਇਕ ਗੋਲ਼ੀ ਦੀਪਕ ਦੇ ਪੱਟ ’ਚ ਲੱਗੀ, ਜਿਸ ਤੋਂ ਬਾਅਦ ਤਿੰਨੋਂ ਲੁਟੇਰੇ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਨੂੰ ਮੁੜ ਲਿਆਂਦਾ ਦਿੱਲੀ, ਜਾਣੋ ਵਜ੍ਹਾ
ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੇ ਮੁਖੀ ਹਰਜੀਤ ਸਿੰਘ, ਪੀ. ਸੀ. ਆਰ. ਜ਼ੋਨ ਇੰਚਾਰਜ ਰਣਜੀਤ ਸਿੰਘ ਰੰਧਾਵਾ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜੇ, ਉਦੋਂ ਤੱਕ ਗੰਭੀਰ ਜ਼ਖਮੀ ਦੁਕਾਨਦਾਰ ਦੀਪਕ ਕੁਮਾਰ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਭੇਜ ਦਿੱਤਾ ਗਿਆ ਸੀ। ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਲੁੱਟ ਦੀ ਰਕਮ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਕਿਉਂਕਿ ਦੀਪਕ ਹੀ ਸਹੀ ਜਾਣਕਾਰੀ ਦੇ ਸਕਦਾ ਹੈ, ਜੋ ਜ਼ੇਰੇ ਇਲਾਜ ਹੈ। ਹਾਲ ਦੀ ਘੜੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਮਾਲਬਰੋਸ ਸ਼ਰਾਬ ਫੈਕਟਰੀ ਮਾਮਲਾ: 23 ਦਸੰਬਰ ਦੇ ਹਾਈਕੋਰਟ ਦੇ ਫ਼ੈਸਲੇ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਲੁੱਟ ਦੀ ਸਾਰੀ ਵਾਰਦਾਤ ਹੋਈ ਕੈਮਰੇ ’ਚ ਕੈਦ
ਹੁਸੈਨਪੁਰਾ ’ਚ ਜਦੋਂ ਤਿੰਨੋਂ ਲੁਟੇਰੇ ਮੋਬਾਈਲ ਸ਼ਾਪ ’ਚ ਦਾਖਲ ਹੋਏ ਤਾਂ ਦੁਕਾਨ ਦੇ ਅੰਦਰ ਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਲੁੱਟ ਦੀ ਸਾਰੀ ਵਾਰਦਾਤ ਕੈਦ ਹੋ ਗਈ, ਜਿਸ ਵਿੱਚ ਲੁਟੇਰਿਆਂ ਨੇ ਦੁਕਾਨ 'ਚ ਆ ਕੇ ਪਹਿਲਾਂ ਦੁਕਾਨਦਾਰ ’ਤੇ ਪਿਸਤੌਲ ਤਾਣੀ, ਫਿਰ ਬੈਗ ਚੁੱਕਿਆ ਅਤੇ ਬਾਅਦ ’ਚ ਵਿਰੋਧ ਕਰਨ ’ਤੇ ਦੁਕਾਨਦਾਰ ’ਤੇ ਫਾਇਰ ਕਰ ਦਿੱਤੇ। ਮੌਕੇ ’ਤੇ ਪੁਲਸ ਨੂੰ ਗੋਲ਼ੀਆਂ ਦੇ ਖੋਲ ਵੀ ਬਰਾਮਦ ਹੋਏ, ਜੋ ਪੁਲਸ ਨੇ ਕਬਜ਼ੇ ’ਚ ਲੈ ਲਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕਾਂਗਰਸ ਨੇ 2 ਮਹਿਲਾ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
NEXT STORY