ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਥਾਣਾ ਬੱਧਣੀ ਅਧੀਨ ਪੈਂਦੇ ਪਿੰਡ ਬੁੱਟਰ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਤੋਂ ਆਏ ਇਕ ਬਜ਼ੁਰਗ ਨਾਲ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਆਪਣੇ ਘਰ ਦੇ ਨਾਲ ਬਣੀ ਮਕੈਨਿਕ ਦੀ ਦੁਕਾਨ ਅੱਗੇ ਬੈਠਾ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਨ੍ਹਾਂ ਕੋਲ ਆਏ ਅਤੇ ਕੁਝ ਸਮੇਂ ਬਾਅਦ ਇਕ ਸਵਿਫਟ ਕਾਰ ਵੀ ਉੱਥੇ ਆ ਰੁਕੀ, ਜਿਸ ਵਿਚੋਂ ਤਿੰਨ ਤੋਂ ਚਾਰ ਹੋਰ ਨੌਜਵਾਨ ਉਤਰ ਕੇ ਬਜ਼ੁਰਗ ਨਾਲ ਗੱਲਾਂ ਕਰਨ ਲੱਗ ਪਏ। ਲੁਟੇਰਿਆਂ ਨੇ ਬਜ਼ੁਰਗ ਨੂੰ ਗੱਲਾਂ ਵਿਚ ਉਲਝਾ ਕੇ ਉਸਦੇ ਹੱਥ ਵਿਚੋਂ ਸੋਨੇ ਦੀ ਮੁੰਦਰੀ ਲਾਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉੱਥੇ ਹੀ ਪੀੜਤ ਬਜ਼ੁਰਗ ਬੁੱਧ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਅੱਗੇ ਬੈਠੇ ਹੋਏ ਸਨ, ਜਦੋਂ ਕੁਝ ਨੌਜਵਾਨ ਉਨ੍ਹਾਂ ਕੋਲ ਆਏ ਅਤੇ ਗੱਲਾਂ ਵਿੱਚ ਲਗਾ ਕੇ ਉਨ੍ਹਾਂ ਦੀ ਮੁੰਦਰੀ ਲਾਹ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਦੀ ਮੁੰਦਰੀ ਵਾਪਸ ਕਰਵਾਈ ਜਾਵੇ।
ਪੰਜਾਬ 'ਚ ਮੀਂਹ ਬਾਰੇ ਨਵੀਂ ਅਪਡੇਟ! ਇਨ੍ਹਾਂ ਤਾਰੀਖ਼ਾਂ ਲਈ ਜਾਰੀ ਹੋਇਆ ਅਲਰਟ, ਫ਼ਿਰ ਬਦਲਣ ਜਾ ਰਿਹੈ ਮੌਸਮ
NEXT STORY