ਗੜ੍ਹਸ਼ੰਕਰ(ਬੈਜ ਨਾਥ)— ਪਿੰਡ ਮੋਰਾਂਵਾਲੀ 'ਚ ਸਵੱਛ ਭਾਰਤ ਮੁਹਿੰਮ ਸਬੰਧੀ ਰੱਖੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਜਾ ਰਹੇ ਬੀ. ਡੀ. ਪੀ. ਓ. ਦਫਤਰ ਦੇ 2 ਕਰਮਚਾਰੀਆਂ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਘੇਰ ਕੇ ਲੁੱਟ ਲੈਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਮੋਰਾਂਵਾਲੀ ਪਿੰਡ ਵਿਚ ਸਵੱਛ ਭਾਰਤ ਮੁਹਿੰਮ ਤਹਿਤ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪੰਚਾਇਤ ਸਕੱਤਰ ਸਮੀਰ ਬੇਦੀ ਅਤੇ ਏ. ਪੀ. ਓ. ਨਰੇਗਾ ਸਰੂਪ ਲਾਲ ਐਕਟਿਵਾ ਨੰ. ਪੀ. ਬੀ-07-ਬੀ. ਬੀ-1539 'ਤੇ ਜਾ ਰਹੇ ਸਨ ਜਦ ਉਹ ਮੋਇਲਾ ਵਹਿਦਪੁਰ ਤੋਂ ਅੱਗੇ ਮੋਰਾਂਵਾਲੀ ਸੜਕ ਨੂੰ ਮੁੜੇ ਤਾਂ ਪਿਛੋਂ ਇਕ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨ ਨੇ ਉਨ੍ਹਾਂ ਨੂੰ ਕਰਾਸ ਕੀਤਾ ਅਤੇ ਥੋੜ੍ਹੀ ਦੂਰ ਜਾ ਕੇ ਸੜਕ ਵਿਚ ਮੋਟਰਸਾਈਕਲ ਖੜ੍ਹਾ ਕਰਕੇ ਉਨ੍ਹਾਂ ਨੂੰ ਰੋਕ ਲਿਆ। ਪਿਸਤੌਲ ਦੀ ਨੌਕ 'ਤੇ ਉਨ੍ਹਾਂ ਦੋਹਾਂ ਦੀ ਤਲਾਸ਼ੀ ਲਈ ਅਤੇ ਸਮੀਰ ਬੇਦੀ ਦੀ ਜੇਬ 'ਚੋਂ 1200 ਰੁਪਏ ਅਤੇ ਸੈਮਸੰਗ ਦਾ ਮੋਬਾਇਲ ਫੋਨ ਅਤੇ ਸਰੂਪ ਲਾਲ ਦੀ ਜੇਬ 'ਚੋਂ 600 ਰੁਪਏ ਅਤੇ ਇੰਟੈਕਸ ਦਾ ਫੋਨ ਲੁੱਟ ਕੇ ਫਰਾਰ ਹੋ ਗਿਆ। ਲੁਟੇਰੇ ਨੇ ਘਟਨਾ ਵੇਲੇ ਮੂੰਹ ਢੱਕਿਆ ਹੋਇਆ ਸੀ। ਘਟਨਾ ਸਵੇਰੇ ਕਰੀਬ 10 ਵਜੇ ਦੀ ਦੱਸੀ ਜਾਂਦੀ ਹੈ। ਪੰਚਾਇਤ ਸਕੱਤਰ ਸਮੀਰ ਬੇਦੀ ਪੁਲਸ ਦੇ ਆਈ. ਜੀ. ਲੋਕ ਨਾਥ ਆਂਗਰਾ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਔਰਤਾਂ ਨਾਲ ਭਰੀ ਬੱਸ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, ਦਰਦ ਭਰੀਆਂ ਚੀਖਾਂ ਨਾਲ ਗੁੰਝਣ ਲੱਗਾ ਆਸਮਾਨ (ਤਸਵੀਰਾਂ)
NEXT STORY