ਲੁਧਿਆਣਾ, (ਸਹਿਗਲ)- ਸਿਹਤ ਵਿਭਾਗ ਦੀ ਟੀਮ ਨੇ ਤਹਿਸੀਲ ਸਮਰਾਲਾ ’ਚ ਛਾਪੇਮਾਰੀ ਕਰ ਕੇ ਇਕ ਮਿਲਾਵਟੀ ਪਨੀਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਹ ਪਨੀਰ 75 ਫੀਸਦੀ ਪਾਬੰਦੀਸ਼ੁਦਾ ਸੁੱਕੇ ਦੁੱਧ ਤੇ ਹੋਰਨਾਂ 25 ਫੀਸਦੀ ’ਚ ਰਿਫਾਈਂਡ ਤੇਲ ਆਦਿ ਚੀਜ਼ਾਂ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਸੀ ਤੇ ਚੰਡੀਗਡ਼੍ਹ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ 180 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ। ਜ਼ਿਲਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਮੌਕੇ ’ਤੇ 300 ਕਿਲੋ ਤਿਆਰ ਪਨੀਰ ਮਿਲਿਆ, ਜਿਸ ਨੂੰ ਫੈਕਟਰੀ ਮਾਲਕ ਮੁਤਾਬਕ ਉਕਤ ਵਿਧੀ ਨਾਲ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਕਤ ਫੈਕਟਰੀ ’ਚੋਂ 425 ਕਿਲੋ ਸੁੱਕਾ ਦੁੱਧ, 39 ਖਾਲੀ ਤੇ 5 ਭਰੇ ਹੋਏ ਪਾਮ ਤੇਲ ਦੇ 15-15 ਪੀਪੇ ਤੇ 11 ਡਰੰਮਾਂ ਵਿਚ 140 ਕਿਲੋ ਪ੍ਰਤੀ ਡਰੰਮ ਘਿਉ ਮਿਲਿਆ। ਫੈਕਟਰੀ ਵਿਚੋਂ ਮਿਲੀਆਂ ਚੀਜ਼ਾਂ ਜਿਨ੍ਹਾਂ ਵਿਚ ਪਨੀਰ, ਘਿਉ, ਸੁੱਕਾ ਦੁੱਧ ਦੇ ਸੈਂਪਲ ਭਰ ਕੇ ਜਾਂਚ ਦੇ ਲਈ ਭੇਜ ਦਿੱਤੇ ਹਨ। 300 ਕਿਲੋ ਪਨੀਰ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ।
ਰਾਤ ਸਮੇਂ ਚੱਲਦੀ ਸੀ ਫੈਕਟਰੀ
ਡਾ. ਆਦੇਸ਼ ਕੰਗ ਮੁਤਾਬਕ ਉਕਤ ਫੈਕਟਰੀ ’ਚ ਰਾਤ ਸਮੇਂ ਪਨੀਰ ਬਣਾਉਣ ਦਾ ਕੰਮ ਚਲਦਾ ਸੀ। ਬਣੇ ਮਾਲ ਨੂੰ ਸਵੇਰ ਸਾਢੇ ਤਿੰਨ ਵਜੇ ਤੱਕ ਡਲਿਵਰੀ ਲਈ ਚੰਡੀਗਡ਼੍ਹ ਤੇ ਹੋਰਨਾਂ ਇਲਾਕਿਆਂ ਵਿਚ ਭੇਜ ਦਿੱਤਾ ਜਾਂਦਾ ਸੀ। ਜਦੋਂ ਉਨ੍ਹਾਂ ਦੀ ਟੀਮ ਗੁਪਤ ਸੂਚਨਾ ਦੇ ਆਧਾਰ ’ਤੇ ਬੀਤੀ ਰਾਤ 9.30 ਵਜੇ ਪੁੱਜੀ ਤਾਂ ਫੈਕਟਰੀ ਦੇ ਬਾਹਰ ਤਾਲਾ ਲੱਗਾ ਹੋਇਆ ਸੀ ਤੇ ਅੰਦਰ ਕੰਮ ਚੱਲ ਰਿਹਾ ਸੀ। ਪਿੰਡ ਵਾਲਿਆਂ ਦੀ ਮਦਦ ਨਾਲ ਜਦੋਂ ਤਾਲਾ ਖੁੱਲ੍ਹਵਾਇਆ ਗਿਆ ਤਾਂ ਉਕਤ ਨਾਜਾਇਜ਼ ਢੰਗ ਨਾਲ ਪਨੀਰ ਤਿਆਰ ਕੀਤਾ ਜਾ ਰਿਹਾ ਸੀ। ਛਾਪੇ ਦੌਰਾਨ ਕਾਗਜ਼ੀ ਕਾਰਵਾਈ ਦਾ ਕੰਮ ਮੱਧ ਰਾਤ ਤੱਕ ਜਾਰੀ ਰਿਹਾ। ਟੀਮ ਵਿਚ ਡਾ. ਕੰਗ ਦੇ ਨਾਲ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਤੇ ਰਾਬਿਨ ਕੁਮਾਰ ਸ਼ਾਮਲ ਸਨ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ।
ਮੇਅਰ ਦਾ ਸਟਿੰਗ ਆਪ੍ਰੇਸ਼ਨ : ਫਡ਼ਿਆ ਡਿਸਪੋਜ਼ਲ ਚਾਰਜਿਜ਼ ਦੀ ਰਸੀਦ ਨਾ ਕੱਟਣ ਵਾਲਾ ਮੁਲਾਜ਼ਮ
NEXT STORY