ਜਲੰਧਰ, (ਕਮਲੇਸ਼, ਸੁਨੀਲ)- ਸ਼ਰਾਬ ਸਮੱਗਲਰ ਤਰਸੇਮ ਲਾਲ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਬਸਤੀ ਬਾਵਾ ਖੇਲ ਦੇ ਸਾਬਕਾ ਐੱਸ. ਐੱਚ. ਓ. ਅਤੇ ਮੌਜੂਦਾ ਏ. ਐੱਸ. ਆਈ. 'ਤੇ ਗੰਭੀਰ ਕੇਸ ਪਾ ਕੇ ਹਵਾਲਾਤ ਵਿਚ ਭੇਜਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਤਰਸੇਮ ਨੇ ਦੱਸਿਆ ਕਿ ਸਾਬਕਾ ਐੱਸ. ਐੱਚ. ਓ. ਨਰੇਸ਼ ਜੋਸ਼ੀ ਅਤੇ ਮੌਜੂਦਾ ਏ. ਐੱਸ. ਆਈ. ਕੁਲਵੰਤ ਸਿੰਘ ਨੇ ਉਸ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਸ਼ੁਰੂ ਕਰਵਾਇਆ ਸੀ। ਇਹ ਕਾਰੋਬਾਰ ਚਲਾਉਣ ਲਈ ਉਸ ਤੋਂ ਹਰ ਮਹੀਨੇ 15 ਹਜ਼ਾਰ ਰੁਪਏ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਨੂੰ 3000 ਰੁਪਏ ਦੇਣ ਲਈ ਕਿਹਾ ਗਿਆ। ਇਸ ਕਾਰੋਬਾਰ ਲਈ ਨਾਜਾਇਜ਼ ਸ਼ਰਾਬ ਵੀ ਦੋਵੇਂ ਪੁਲਸ ਵਾਲੇ ਹੀ ਮੁਹੱਈਆ ਕਰਵਾਉਂਦੇ ਸਨ। ਕੁਝ ਮਹੀਨਿਆਂ ਤੱਕ ਇਹ ਕਾਰੋਬਾਰ ਇਸੇ ਲੈਣ-ਦੇਣ ਦੇ ਆਧਾਰ 'ਤੇ ਚੱਲਦਾ ਰਿਹਾ। ਇਸ ਤੋਂ ਬਾਅਦ ਦੋਵੇਂ ਪੁਲਸ ਵਾਲਿਆਂ ਦਾ ਲਾਲਚ ਵੱਧ ਗਿਆ ਅਤੇ ਉਨ੍ਹਾਂ ਨੇ ਉਸ ਤੋਂ 15 ਹਜ਼ਾਰ ਅਤੇ 3 ਹਜ਼ਾਰ ਦੀ ਜਗ੍ਹਾ 50 ਹਜ਼ਾਰ ਰੁਪਏ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੋਵਾਂ ਦੀ ਇਹ ਡਿਮਾਂਡ ਪੂਰੀ ਕਰਨ ਵਿਚ ਅਸਮਰਥਾ ਜਤਾਈ। ਇਸ ਗੱਲ ਕਾਰਨ ਦੋਵੇਂ ਪੁਲਸ ਮੁਲਾਜ਼ਮਾਂ ਨੇ ਉਸ 'ਤੇ 'ਚਿੱਟੇ' ਦਾ ਕੇਸ ਪਾਉਣ ਦੀ ਧਮਕੀ ਦੇ ਦਿੱਤੀ। ਉਸ ਨੇ ਦੱਸਿਆ ਕਿ ਇਨ੍ਹਾਂ ਧਮਕੀਆਂ ਤੋਂ ਤੰਗ ਆ ਕੇ ਉਸ ਨੇ 24 ਅਗਸਤ ਨੂੰ ਪੁਲਸ ਕਮਿਸ਼ਨਰ ਨੂੰ ਵੀ ਇਕ ਸ਼ਿਕਾਇਤ ਦਿੱਤੀ ਪਰ ਸ਼ਿਕਾਇਤ 'ਤੇ ਕੋਈ ਉਚਿਤ ਕਾਰਵਾਈ ਨਹੀਂ ਹੋਈ। ਇਹ ਸ਼ਿਕਾਇਤ ਸੌਂਪਣ ਤੋਂ ਬਾਅਦ ਦੋਵਾਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੰਭੀਰ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ।
ਤਰਸੇਮ ਨੇ ਪੁਲਸ ਪ੍ਰਸ਼ਾਸਨ ਤੋਂ ਉਕਤ ਦੋਵੇਂ ਪੁਲਸ ਮੁਲਾਜ਼ਮਾਂ ਖਿਲਾਫ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ਼ਰਾਬ ਸਮੱਗਲਰ ਨੂੰ ਕਦੇ ਮਿਲਿਆ ਹੀ ਨਹੀਂ : ਜੋਸ਼ੀ
ਇਸ ਸਬੰਧ ਵਿਚ ਜਦ ਇੰਸ. ਨਰੇਸ਼ ਜੋਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਤਰਸੇਮ ਵਲੋਂ ਉਨ੍ਹਾਂ 'ਤੇ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਹ ਕਦੇ ਉਕਤ ਸਮੱਗਲਰ ਨਾਲ ਮਿਲੇ ਹੀ ਨਹੀਂ ਹਨ।
ਪੁਲਸ 'ਤੇ ਦਬਾਅ ਬਣਾ ਰਿਹਾ ਦੋਸ਼ੀ : ਕੁਲਵੰਤ ਸਿੰਘ
ਏ. ਐੱਸ.ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਤਰਸੇਮ 'ਤੇ ਬਸਤੀ ਬਾਵਾ ਖੇਲ ਵਿਚ ਪਹਿਲਾਂ ਤੋਂ ਹੀ ਨਾਜਾਇਜ਼ ਸ਼ਰਾਬ ਵੇਚਣ ਦੇ 4 ਕੇਸ ਦਰਜ ਹਨ। ਉਸ ਦਾ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਬਿਨਾਂ ਰੋਕ ਟੋਕ ਚਲਦਾ ਰਹੇ, ਇਸ ਲਈ ਉਹ ਅਜਿਹੇ ਦੋਸ਼ ਲਾ ਕੇ ਪੁਲਸ ਪ੍ਰਸ਼ਾਸਨ 'ਤੇ ਦਬਾਅ ਬਣਾ ਰਿਹਾ ਹੈ।
ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਤੀਜੀ ਵਾਰ ਰੱਦ
NEXT STORY